HSGPC ਦਾ ਪ੍ਰਧਾਨ ਮਹੰਤ ਨਸ਼ੇੜੀ 'ਤੇ ਜਨਰਲ ਸਕੱਤਰ ਸ਼ਰਾਬੀ : ਬਲਜੀਤ ਸਿੰਘ ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਜਿਸ ਦਾ ਨਾਮ ਕਈ ਕਤਲਾਂ ਵਿਚ ਬੋਲਦਾ ਹੋਵੇ ਉਹ ਸਿਰਮੌਰ ਸੰਸਥਾ ਨੂੰ ਕਿਵੇਂ ਚਲਾ ਸਕਦਾ?

Baljit Singh Daduwal interview


'ਮਹੰਤ ਕਰਮਜੀਤ ਸਿੰਘ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਤੋਂ ਅਸਮਰਥ' 
ਕਿਹਾ, ਜੇਕਰ ਬੇਕਸੂਰ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਵੇ ਪੇਸ਼, ਮੈਂ ਸਾਰੇ ਇਲਜ਼ਾਮ ਲਵਾਂਗਾ ਵਾਪਸ ਤੇ ਸਜ਼ਾ ਭੁਗਤਣ ਨੂੰ ਵੀ ਤਿਆਰ 
ਮਹੰਤ ਕਰਮਜੀਤ ਸਿੰਘ ਨੇ ਕਬੂਲਿਆ ਕਿ ਮੇਰਾ ਦਿਮਾਗੀ ਸੰਤੁਲਨ ਠੀਕ ਨਹੀਂ ਤੇ ਇੱਕ ਦਿਨ 'ਚ ਖਾਂਦਾ ਹਾਂ 18 ਗੋਲੀਆਂ : ਦਾਦੂਵਾਲ 

ਮੋਹਾਲੀ (ਨਵਜੋਤ ਸਿੰਘ ਧਾਲੀਵਾਲ, ਕੋਮਲਜੀਤ ਕੌਰ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਲੋਂ ਮੌਜੂਦਾ ਪ੍ਰਧਾਨ ਮਹੰਤ ਕਰਮਜੀਤ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਪ੍ਰਧਾਨ 'ਤੇ ਨਸ਼ੇ ਵਿਚ ਧੁੱਤ ਰਹਿਣ ਦੇ ਇਲਜ਼ਾਮ ਲਗਾਏ ਗਏ ਹਨ। ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਧਾਨ ਕਮੇਟੀ ਦੇ ਕੰਮਾਂ ਵਿਚ ਬਿਲਕੁਲ ਵੀ ਦਿਲਚਸਪੀ ਨਹੀਂ ਦਿਖਾਉਂਦੇ ਸਗੋਂ ਕੋਈ ਨਸ਼ੀਲੀ ਚੀਜ਼ ਖਾ ਕੇ ਸੁੱਤੇ ਰਹਿੰਦੇ ਹਨ। ਜਿਸ ਕਾਰਨ ਪ੍ਰਧਾਨ ਬਣਨ ਦੇ ਇੰਨੇ ਸਮੇਂ ਬਾਅਦ ਵੀ ਉਹ ਕਮੇਟੀ ਅਧੀਨ ਆਉਂਦੇ 52 ਗੁਰਦੁਆਰਾ ਸਾਹਿਬਾਨਾਂ 'ਚ ਨਹੀਂ ਜਾ ਸਕੇ।

ਇਸ ਤੋਂ ਇਲਾਵਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਦਿੱਲੀ ਫ਼ਤਹਿ ਦਿਵਸ ਸਮਾਗਮ ਮੌਕੇ ਜਦੋਂ ਉਨ੍ਹਾਂ ਨੂੰ ਸਿਰੋਪਾਓ ਦਿਤਾ ਜਾਣਾ ਸੀ ਤਾਂ ਉਹ ਨਸ਼ੇ ਵਿਚ ਧੁੱਤ ਸਨ ਅਤੇ ਉਹ ਡਿੱਗਦੇ ਫਿਰ ਰਹੇ ਸਨ। ਇੰਨਾ ਹੀ ਨਹੀਂ ਸਗੋਂ ਬਲਜੀਤ ਦਾਦੂਵਾਲ ਨੇ ਕਿਹਾ ਹੈ ਕਿ ਕਮੇਟੀ ਦੇ ਜਨਰਲ ਸਕੱਤਰ ਵੀ ਰੋਜ਼ ਸ਼ਰਾਬ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਸਵਾਲ ਚੁੱਕਿਆ ਹੈ ਕਿ ਜੇਕਰ ਇਸੇ ਤਰ੍ਹਾਂ ਕਮੇਟੀ ਦੇ ਪ੍ਰਧਾਨ ਅਤੇ ਪ੍ਰਬੰਧਕ ਨਸ਼ੇ ਵਿਚ ਧੁੱਤ ਰਹਿਣਗੇ ਤਾਂ ਕਮੇਟੀ ਦਾ ਕੰਮ ਕਿਸ ਤਰ੍ਹਾਂ ਚੱਲੇਗਾ?

ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਗਾਇਆ ਹੈ ਕਿ ਮਹੰਤ ਕਰਮਜੀਤ ਸਿੰਘ ਇਸ ਸੰਸਥਾ ਨੂੰ ਚਲਾਉਣ ਤੋਂ ਅਸਮਰਥ ਹੈ। ਸਪੋਕਸਮੈਨ ਦੇ ਡਿਬੇਟ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸਾਰੇ ਇਲਜ਼ਾਮਾਂ ਦੇ ਸਬੂਤ ਵੀ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਹੰਤ ਕਰਮੀਤ ਸਿੰਘ ਖ਼ੁਦ ਨੂੰ ਬੇਕਸੂਰ ਮੰਨਦੇ ਹਨ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਕਹਿਣ ਕਿ ਉਹ ਨਸ਼ਾ ਨਹੀਂ ਕਰਦੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਮੈਂ ਆਪਣੇ ਸਾਰੇ ਇਲਜ਼ਾਮ ਵੀ ਵਾਪਸ ਲੈ ਲਵਾਂਗਾ ਅਤੇ ਬਣਦੀ ਸਜ਼ਾ ਵੀ ਭੁਗਤਣ ਲਈ ਤਿਆਰ ਹਾਂ।
ਬਲਜੀਤ ਸਿੰਘ ਦਾਦੂਵਾਲ ਨੇ ਮੌਜੂਦਾ ਪ੍ਰਧਾਨ ਨੂੰ ਡੋਪ ਟੈਸਟ ਕਰਵਾਉਣ ਦੀ ਚੁਣੌਤੀ ਵੀ ਦਿਤੀ ਹੈ। 

ਸਪੋਕਸਮੈਨ ਦੇ ਡਿਬੇਟ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਦੀ ਜਾਣਕਾਰੀ ਮੁਤਾਬਕ ਮਹੰਤ ਦੇ ਅਫ਼ੀਮ ਖਾਣ ਬਾਰੇ ਪਤਾ ਸੀ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਉਹ 'ਚਿੱਟੇ' ਦਾ ਸੇਵਨ ਵੀ ਕਰਦੇ ਹਨ। ਦਿੱਲੀ ਫ਼ਤਹਿ ਦਿਵਸ ਮੌਕੇ ਨਸ਼ੇ ਵਿਚ ਹੋਣ ਕਾਰਨ ਕਿਸੇ ਕਿਸਮ ਦੀ ਬੇਅਦਬੀ ਦੇ ਡਰੋਂ ਹੀ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿਤਾ ਗਿਆ। ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮਹੰਤ ਕਰਮਜੀਤ ਸਿੰਘ ਨੂੰ ਇਸ ਹਾਲਤ ਬਾਰੇ ਪੁੱਛਿਆ ਸੀ ਜਿਸ 'ਤੇ ਉਨ੍ਹਾਂ ਦੱਸਿਆ ਕਿ ਮੇਰਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹਾਂ ਤੇ ਇੱਕ ਦਿਨ ਵਿਚ 18 ਗੋਲੀਆਂ ਖਾਂਦਾ ਹਾਂ। 

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੇਕਰ ਕਮੇਟੀ ਦਾ ਪ੍ਰਧਾਨ ਅਮਲੀ ਤੇ ਜਨਰਲ ਸਕੱਤਰ ਸ਼ਰਾਬੀ ਹੋਵੇਗਾ ਤਾਂ ਗੁਰੂ ਘਰਾਂ ਦੇ ਪ੍ਰਬੰਧ ਦਾ ਧਿਆਨ ਕੌਣ ਰੱਖੇਗਾ? ਬਲਜੀਤ ਸਿੰਘ ਦਾਦੂਵਾਲ ਅਨੁਸਾਰ ਜਨਰਲ ਸਕੱਤਰ ਦਾ ਪੁੱਤਰ ਟੋਪੀ ਪਾਉਂਦਾ ਹੈ ਅਤੇ ਉਸ ਦੇ ਪੋਤਰੇ ਵੀ ਪੱਤਤ ਹਨ, ਸਿੱਖ ਨਹੀਂ ਹਨ। ਉਨ੍ਹਾਂ ਦੱਸਿਆ ਕਿ ਜਨਰਲ ਸਕੱਤਰ ਦੇ ਮਾਤਾ ਜੋ ਮਾਡਲ ਟਾਊਨ ਕਰਨਾਲ ਵਿਖੇ ਰਹਿੰਦੇ ਹਨ, ਆਪਣੀ ਰੋਟੀ ਆਪ ਬਣਾ ਕੇ ਖਾਂਦੇ ਹਨ। ਉਹ ਆਪਣਾ ਰਾਸ਼ਨ ਵੀ ਗਲੀ ਵਿਚ ਰਹਿੰਦੇ ਇੱਕ ਗਗਨ ਮਹਿਤਾ ਨਾਮ ਦੇ ਨੌਜਵਾਨ ਤੋਂ ਮੰਗਵਾਉਂਦੇ ਹਨ। ਦਾਦੂਵਾਲ ਦਾ ਕਹਿਣਾ ਹੈ ਕਿ ਜਿਹੜਾ ਆਪਣੀ ਮਾਂ ਨੂੰ ਰੋਟੀ ਨਹੀਂ ਦੇ ਸਕਦਾ ਉਹ ਇੰਨੇ ਵੱਡੇ ਪੱਧਰ 'ਤੇ ਗੁਰਦੁਆਰਾ ਸਾਹਿਬਾਨਾਂ ਦੇ ਲੰਗਰ ਦਾ ਪ੍ਰਬੰਧ ਕਿਵੇਂ ਕਰੇਗਾ। 

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਵਿਚ 20-25 ਲੱਖ ਸਿੱਖ ਵਸਦੇ ਹਨ, ਜਿਨ੍ਹਾਂ ਵਿਚ ਉਹ ਪਰਿਵਾਰ ਵੀ ਹਨ ਜਿਨ੍ਹਾਂ ਸ਼੍ਰੋਮਣੀ ਕਮੇਟੀ ਬਣਾਈ ਸੀ।  ਉਨ੍ਹਾਂ ਕਿਹਾ ਕਿ ਕਮੇਟੀ ਦੀ ਵਾਗਡੋਰ ਕਿਸੇ ਗੁਰਸਿੱਖ ਦੇ ਹੱਥ ਵਿਚ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸਿਰਫ ਮੈਂ ਹੀ ਨਹੀਂ ਹੋਰ ਵੀ ਕਈ ਮੈਂਬਰਾਂ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਕਾਰਗੁਜ਼ਾਰੀ 'ਤੇ ਇਤਰਾਜ਼ ਹੈ। ਇਨ੍ਹਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਸਾਰੇ ਸਵਾਲਾਂ ਦੇ ਜਵਾਬ ਲਏ ਜਾਣ।

ਉਨ੍ਹਾਂ ਕਿਹਾ ਕਿ ਮਹੰਤ ਕਰਮਜੀਤ ਸਿੰਘ ਸੇਵਾ ਪੰਥੀ ਸੰਪਰਦਾ ਦੇ ਵੀ ਪ੍ਰਧਾਨ ਹਨ ਪਰ ਇਨ੍ਹਾਂ ਕੋਲੋਂ ਉਹ ਛੋਟੀ ਜਿਹੀ ਆਪਣੀ ਸੰਸਥਾ ਵੀ ਨਹੀਂ ਚੱਲੀ ਤੇ 20 ਵਿਚੋਂ 14 ਸੰਤ ਇਸ ਦੇ ਖ਼ਿਲਾਫ਼ ਹਨ। ਇਸ ਤੋਂ ਇਲਾਵਾ ਜਮੁਨਾਨਗਰ ਜਿਥੋਂ ਇਹਨਾਂ ਨੂੰ ਬਾਹਰ ਕੀਤਾ ਗਿਆ ਹੈ, ਉਥੇ ਸੰਤ ਜਗਮੋਹਨ ਸਿੰਘ ਹਨ ਜਿਨ੍ਹਾਂ ਦੇ ਭਰਾ ਦੇ ਕਤਲ ਦਾ ਇਲਜ਼ਾਮ ਵੀ ਇਨ੍ਹਾਂ 'ਤੇ ਹੈ। ਇਨ੍ਹਾਂ ਨੇ ਆਪਣੀ ਸਿਆਸੀ ਪਹੁੰਚ ਸਦਕਾ ਉਸ ਮਾਮਲੇ ਨੂੰ ਰਫ਼ਾ-ਦਫ਼ਾ ਕਰਵਾ ਲਿਆ।

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਸੰਤ ਪ੍ਰੀਤਮ ਸਿੰਘ ਦਾ ਕਤਲ ਹੋਇਆ ਜਿਸ ਵਿਚ ਵੀ ਇਨ੍ਹਾਂ ਦਾ ਨਾਮ ਸਾਹਮਣੇ ਆਇਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਸ ਦਾ ਲਾਈ ਡਿਟੈਕਟਰ ਟੈਸਟ (ਝੂਠ ਫੜਨ ਵਾਲਾ ਟੈਸਟ) ਹੋਣਾ ਸੀ ਪਰ ਇਹ ਸਰਨੇ ਹੁਰਾਂ ਨੂੰ ਕਹਿ ਕੇ ਉਸ ਤੋਂ ਵੀ ਬਚ ਗਏ। ਉਨ੍ਹਾਂ ਕਿਹਾ ਕਿ ਜਿਸ ਮਹੰਤ ਦਾ ਨਾਮ ਕਤਲਾਂ ਅਤੇ ਨਸ਼ਿਆਂ ਵਿਚ ਜਾਣਿਆ ਜਾਂਦਾ ਹੋਵੇ ਉਹ ਸਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਚਲਾ ਸਕਦੇ ਹਨ। ਇਸ ਲਈ ਹੀ ਸੰਗਤ ਸਾਹਮਣੇ ਇਨ੍ਹਾਂ ਬਾਰੇ ਸਾਰਾ ਖ਼ੁਲਾਸਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਸ ਲਈ ਮੈਨੂੰ ਕਾਨੂੰਨੀ ਲੜਾਈ ਵੀ ਲੜਨੀ ਪਈ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ।


ਦੱਸ ਦੇਈਏ ਕਿ ਬਲਜੀਤ ਸਿੰਘ ਦਾਦੂਵਾਲ ਵਲੋਂ ਬੀਤੇ ਸਮੇਂ ਦੌਰਾਨ ਪ੍ਰਧਾਨ 'ਤੇ ਲਗਾਏ ਗਏ ਇਸੇ ਤਰ੍ਹਾਂ ਦੇ ਇਲਜ਼ਾਮਾਂ ਤੋਂ ਬਾਅਦ ਕਮੇਟੀ ਵਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ਵਿਚ ਕਮੇਟੀ ਦੇ ਕਈ ਮੈਂਬਰਾਂ ਨੇ ਇਸ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਆਪਸੀ ਸਹਿਮਤੀ ਨਾਲ ਦਾਦੂਵਾਲ ਵਲੋਂ ਲਗਾਏ ਇਸ ਦਾਗ਼ ਨੂੰ ਆਪਣੇ ਖ਼ੂਨ ਨਾਲ ਮਿਟਾਵਾਂਗੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕੋਈ ਵੀ ਮੈਂਬਰ ਕਿਸੇ ਤਰ੍ਹਾਂ ਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਦਾ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਉਹ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ। ਕਮੇਟੀ ਮੈਂਬਰਾਂ ਨੇ ਕਿਹਾ ਸੀ ਕਿ ਜੇਕਰ ਉਹ ਇਸ ਟੈਸਟ ਵਿਚ ਫੇਲ੍ਹ ਹੁੰਦੇ ਹਨ ਤਾਂ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।