ਮੇਘਾਲਿਆ ’ਚ ਅਸਾਮ ਦੇ ਤਿੰਨ ਨੌਜੁਆਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੇਘਾਲਿਆ ਪੁਲਿਸ ਨੇ ਦਸਿਆ ਕਿ ਲਾਸ਼ਾਂ ਦੋ ਥਾਵਾਂ ’ਤੇ ਦਫਨਾਈਆਂ ਗਈਆਂ ਹਨ

Meghalaya

ਸ਼ਿਲਾਂਗ/ਗੋਲਪਾੜਾ: ਮੇਘਾਲਿਆ ਦੇ ਪੂਰਬੀ ਗਾਰੋ ਹਿਲਜ਼ ਜ਼ਿਲ੍ਹੇ ’ਚ ਬੁਧਵਾਰ ਨੂੰ ਅਸਾਮ ਦੇ ਤਿੰਨ ਨੌਜੁਆਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਜ਼ਮੀਨ ’ਚ ਅੰਸ਼ਕ ਤੌਰ ’ਤੇ ਦਫਨਾਈਆਂ ਗਈਆਂ। ਪੁਲਿਸ ਨੇ ਇਹ ਜਾਣਕਾਰੀ ਦਿਤੀ। 

ਅਸਾਮ ਦੇ ਗੋਲਪਾੜਾ ਜ਼ਿਲ੍ਹੇ ਤੋਂ ਮੇਘਾਲਿਆ ’ਚ ਦਾਖਲ ਹੋਣ ਲਈ ਉਨ੍ਹਾਂ ਜਿਸ ਗੱਡੀ ਦੀ ਵਰਤੋਂ ਕੀਤੀ, ਉਹ ਵੀ ਇਸੇ ਇਲਾਕੇ ਦੇ ਰੋਂਗਮਿਲ ’ਚ ਸੜੀ ਹੋਈ ਮਿਲੀ। ਉਨ੍ਹਾਂ ਕਿਹਾ, ‘‘ਸਾਨੂੰ ਪਤਾ ਲੱਗਾ ਕਿ ਤਿੰਨੇ ਵਿਅਕਤੀ ਮੰਗਲਵਾਰ ਨੂੰ ਇਕ ਗੱਡੀ ’ਚ ਮੇਘਾਲਿਆ ਗਏ ਸਨ। ਸਥਾਨਕ ਪੁਲਿਸ ਨੇ ਉਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਨੂੰ ਅੰਸ਼ਕ ਤੌਰ ’ਤੇ ਦਫਨਾਇਆ ਗਿਆ ਹੈ। ਅਜਿਹਾ ਜਾਪਦਾ ਹੈ ਕਿ ਤਿੰਨਾਂ ਦਾ ਕਤਲ ਲੋਕਾਂ ਦੇ ਇਕ ਸਮੂਹ ਨੇ ਕੀਤਾ ਸੀ।’’

ਉਨ੍ਹਾਂ ਕਿਹਾ, ‘‘ਅਸੀਂ ਮੇਘਾਲਿਆ ਪੁਲਿਸ ਦੇ ਸੰਪਰਕ ’ਚ ਹਾਂ। ਤਿੰਨਾਂ ਨੂੰ ਕਿਉਂ ਮਾਰਿਆ ਗਿਆ ਜਾਂ ਇਸ ਵਿਚ ਕੌਣ ਸ਼ਾਮਲ ਸੀ, ਇਹ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।’’ ਮੇਘਾਲਿਆ ਪੁਲਿਸ ਨੇ ਦਸਿਆ ਕਿ ਲਾਸ਼ਾਂ ਦੋ ਥਾਵਾਂ ’ਤੇ ਦਫਨਾਈਆਂ ਗਈਆਂ ਹਨ। 

ਮੇਘਾਲਿਆ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਦੋ ਲਾਸ਼ਾਂ ਇਕ ਜਗ੍ਹਾ ਤੋਂ ਮਿਲੀਆਂ ਅਤੇ ਦੂਜੀ ਉਸ ਇਲਾਕੇ ਦੇ ਨੇੜੇ ਇਕ ਸੁੰਨਸਾਨ ਜਗ੍ਹਾ ਤੋਂ ਮਿਲੀ, ਜਿੱਥੇ ਗੱਡੀ ਨੂੰ ਅੱਗ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰੇ ਮੇਘਾਲਿਆ ਦਾਖਲ ਹੋਣ ਤੋਂ ਬਾਅਦ ਪਰਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਉਦੋਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 

ਸਬੰਧਤ ਪਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੁਧਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪਿੰਡ ਵਾਸੀਆਂ ਨੇ ਪੂਰਬੀ ਗਾਰੋ ਜ਼ਿਲ੍ਹਾ ਅਧਿਕਾਰੀਆਂ ਨੂੰ ਰੋਂਗਮਿਲ ਖੇਤਰ ’ਚ ਇਕ ਸੜੇ ਹੋਏ ਵਾਹਨ ਬਾਰੇ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਬਰਾਮਦ ਕੀਤੀਆਂ। ਮ੍ਰਿਤਕਾਂ ਵਿਚੋਂ ਦੋ ਦੀ ਪਛਾਣ ਗੋਲਪਾੜਾ ਦੇ ਡੋਲਗੁਮਾ ਦੇ ਜਮਾਲ ਅਲੀ ਅਤੇ ਨੂਰ ਮੁਹੰਮਦ ਵਜੋਂ ਹੋਈ ਹੈ। ਤੀਜੇ ਪੀੜਤ ਦੀ ਪਛਾਣ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।