ਸਰਕਾਰ ਨੇ ਕਿਸਾਨਾਂ ’ਚ ਫੁੱਟ ਪਾਈ : ਰਾਕੇਸ਼ ਟਿਕੈਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਰਤ ਸਰਕਾਰ ਇਕ ਹੋਰ ਅੰਦੋਲਨ ਬਣਾਉਣਾ ਚਾਹੁੰਦੀ ਸੀ ਅਤੇ ਉਨ੍ਹਾਂ ਨੇ ਇਸ ਨੂੰ ਬਣਾਇਆ

Rakesh Tikait

ਨਵੀਂ ਦਿੱਲੀ: ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਲਾਉਂਦੇ ਹੋਏ ਦੋਸ਼ ਲਾਇਆ ਹੈ ਕਿ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ’ਚ ਵੰਡ ਕੇਂਦਰ ਸਰਕਾਰ ਕਾਰਨ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਨੇ 2020-21 ਦੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਡੀ ਗਿਣਤੀ ’ਚ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਵਿਖੇ ਇਕ ਸਾਲ ਤਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਬਾਅਦ ’ਚ ਰੱਦ ਕਰ ਦਿਤਾ ਗਿਆ ਸੀ। 

ਟਿਕੈਤ ਨੇ ਕਿਹਾ, ‘‘ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੋ ਕੇ ਦਿੱਲੀ ਛੱਡ ਗਿਆ ਸੀ ਪਰ ਬਾਅਦ ’ਚ ਕੁੱਝ ਲੋਕ ਵੱਖ ਹੋ ਗਏ। ਭਾਰਤ ਸਰਕਾਰ ਇਕ ਹੋਰ ਅੰਦੋਲਨ ਬਣਾਉਣਾ ਚਾਹੁੰਦੀ ਸੀ ਅਤੇ ਉਨ੍ਹਾਂ ਨੇ ਇਸ ਨੂੰ ਬਣਾਇਆ।’’ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਨੇਤਾ ਟਿਕੈਤ ਨੇ ਕਿਹਾ ਕਿ ਵੰਡ ਕਾਰਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਗਠਨ ਹੋਇਆ। 

ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਵਲੋਂ ਚੱਲ ਰਹੇ ਅੰਦੋਲਨ ਦਾ ਹਿੱਸਾ ਨਹੀਂ ਹੈ, ਜਿਸ ’ਚ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਅਤੇ ਖੇਤੀ ਕਰਜ਼ਾ ਮੁਆਫੀ ਸ਼ਾਮਲ ਹੈ। 

ਇਹ ਅੰਦੋਲਨ 13 ਫ਼ਰਵਰੀ ਨੂੰ ਸੰਗਠਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਸੱਦੇ ਨਾਲ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੀ ਕਿਸਾਨ, ਮੁੱਖ ਤੌਰ ’ਤੇ ਪੰਜਾਬ ਦੇ, ਹਰਿਆਣਾ ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਸ਼ੰਭੂ ਬਾਰਡਰ ’ਤੇ ਡੇਰਾ ਲਾਏ ਹੋਏ ਹਨ। ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਹੈ ਅਤੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਜ਼ਿਆਦਾਤਰ ਕਿਸਾਨ ਇਸ ਸੂਬੇ ਦੇ ਹਨ। 

ਸਰਹੱਦ ’ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਪਿਛਲੀਆਂ ਝੜਪਾਂ ਦਾ ਜ਼ਿਕਰ ਕਰਦਿਆਂ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਵਿਰੁਧ ਤਾਕਤ ਦੀ ਵਰਤੋਂ ਦੀ ਨਿੰਦਾ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲਾਂਕਿ, ਵੱਖ ਹੋਏ ਸਮੂਹ ਐਸ.ਕੇ.ਐਮ. (ਗੈਰ-ਸਿਆਸੀ) ਨੇ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। 

ਉਨ੍ਹਾਂ ਕਿਹਾ, ‘‘ਪਿਛਲੇ ਦੋ ਸਾਲਾਂ ਤੋਂ ਸਾਡੀ ਕੋਸ਼ਿਸ਼ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਇਕਜੁੱਟ ਰਹੇ ਅਤੇ ਕੋਈ ਵੀ ਸੱਦਾ ਮਿਲ ਕੇ ਲਿਆ ਜਾਵੇ। ਸੰਯੁਕਤ ਕਿਸਾਨ ਮੋਰਚਾ ਉਸ (ਦਿੱਲੀ ਚਲੋ) ਅੰਦੋਲਨ ਦਾ ਹਿੱਸਾ ਨਹੀਂ ਹੈ। ਉਹ (ਐਸ.ਕੇ.ਐਮ. ਗੈਰ-ਸਿਆਸੀ) ਅਤੇ ਕੇ.ਐਮ.ਐਮ. ਕੇਂਦਰ ਸਰਕਾਰ ਨਾਲ ਗੱਲ ਕਰ ਰਹੇ ਹਨ।’’

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਲਈ ਬਣਾਇਆ ਗਿਆ ਸੀ ਤਾਂ ਜੋ ਕਿਸਾਨ ਇਕਜੁੱਟ ਹੋ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕਿਸਾਨਾਂ ਨੂੰ ਵੰਡਣ ਲਈ ਕਈ ਨਵੀਆਂ ਕਿਸਾਨ ਯੂਨੀਅਨਾਂ ਬਣਾਈਆਂ ਜਾ ਰਹੀਆਂ ਹਨ ਅਤੇ ਇਹ ਇਕ ਸਾਜ਼ਸ਼ ਦਾ ਹਿੱਸਾ ਹੈ।