ਪੱਛਮ ਬੰਗਾਲ ਚੋਣਾਂ 'ਚ ਤਾਇਨਾਤ ਚੋਣ ਕਰਮਚਾਰੀ ਦੀ ਰੇਲ ਪੱਟੜੀ ਤੋਂ ਮਿਲੀ ਲਾਸ਼
ਪੱਛਮੀ ਬੰਗਾਲ ਵਿਚ ਪੰਚਾਇਤੀ ਚੋਣ ਦੇ ਇਕ ਅਧਿਕਾਰੀ ਦੀ ਲਾਸ਼ ਉੱਤਰੀ ਦੀਨਾਜਪੁਰ ਵਿਚ ਰੇਲਵੇ ਟ੍ਰੈਕ ਤੋਂ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ...
ਕੋਲਕੱਤਾ : ਪੱਛਮੀ ਬੰਗਾਲ ਵਿਚ ਪੰਚਾਇਤੀ ਚੋਣ ਦੇ ਇਕ ਅਧਿਕਾਰੀ ਦੀ ਲਾਸ਼ ਉੱਤਰੀ ਦੀਨਾਜਪੁਰ ਵਿਚ ਰੇਲਵੇ ਟ੍ਰੈਕ ਤੋਂ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਬੰਧਤ ਅਧਿਕਾਰੀ ਦੀ ਪਹਿਚਾਣ ਰਾਜ ਕੁਮਾਰ ਰਾਏ ਦੇ ਤੌਰ 'ਤੇ ਹੋਈ ਹੈ। ਰਾਜਕੁਮਾਰ ਦਾ ਸੋਮਵਾਰ ਨੂੰ ਪੰਚਾਇਤੀ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਵੀ ਪਤਾ ਨਹੀਂ ਚੱਲ ਰਿਹਾ ਸੀ। ਚੋਣ ਕਮਿਸ਼ਨ ਵੱਲੋਂ ਰਾਜ ਕੁਮਾਰ ਦੀ ਡਿਊਟੀ ਇਤਾਹਾਰ ਦੇ ਸੋਨਾਪੁਰ ਪ੍ਰਾਇਮਰੀ ਸਕੂਲ ਬੂਥ 'ਤੇ ਚੋਣ ਅਧਿਕਾਰੀ ਦੇ ਤੌਰ 'ਤੇ ਲਗਾਈ ਗਈ ਸੀ।
ਰਾਜ ਕੁਮਾਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜ ਕੁਮਾਰ ਨੂੰ ਸੋਮਵਾਰ ਨੂੰ ਸ਼ਾਮ 4 ਵਜੇ ਬੂਥ 'ਤੇ ਆਖਰੀ ਵਾਰ ਦੇਖਿਆ ਸੀ, ਉਸ ਵੇਲੇ ਪੋਲਿੰਗ ਖ਼ਤਮ ਹੋਣ ਵਿਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਸੀ। ਸੋਮਵਾਰ ਰਾਤ ਰਾਜ ਕੁਮਾਰ ਅਪਣੇ ਘਰ ਨਹੀਂ ਪਹੁੰਚੇ ਅਤੇ ਨਾ ਹੀ ਫੋਨ 'ਤੇ ਕੋਈ ਜਵਾਬ ਦੇ ਰਹੇ ਸਨ ਤਾਂ ਘਰਵਾਲਿਆਂ ਨੂੰ ਫਿਕਰ ਹੋਈ। ਰਾਜ ਕੁਮਾਰ ਦੇ ਘਰ ਵਾਲੇ ਸੋਮਵਾਰ ਦੇਰ ਰਾਤ ਨੂੰ ਇਤਾਹਾਰ ਪਹੁੰਚ ਗਏ। ਬੀਡੀਪੀਓ ਦੇ ਕੋਲ ਰਾਜ ਕੁਮਾਰ ਦਾ ਅਤਾ-ਪਤਾ ਨਾ ਮਿਲਣ ਦੀ ਸ਼ਿਕਾਇਤ ਦਰਜ ਕਰਾਈ ਗਈ ਅਤੇ ਨਾਲ ਹੀ ਉਸਦੇ ਮੋਬਾਈਲ ਟਾਵਰ ਦੀ ਲੋਕੇਸ਼ਨ ਜਾਨਣ ਦੇ ਲਈ ਅਧਿਕਾਰੀਆਂ ਦੀ ਮਦਦ ਲਈ ਗਈ।
ਸਕੂਲ ਵਿਚ ਅੰਗਰੇਜ਼ੀ ਦੇ ਅਧਿਆਪਕ ਰਾਜ ਕੁਮਾਰ ਨੇ ਸੋਮਵਾਰ ਨੂੰ ਆਖਰੀ ਵਾਰ ਪਤਨੀ ਨਾਲ ਸ਼ਾਮ ਨੂੰ 7.45 ਵਜੇ ਗੱਲ ਕੀਤੀ ਸੀ। ਆਖਰਕਾਰ ਮੰਗਲਵਾਰ ਸ਼ਾਮ ਨੂੰ ਰਾਜਕੁਮਾਰ ਦੀ ਲਾਸ਼ ਸੋਨਾਡਾਂਗੀ ਵਿਚ ਰੇਲਵੇ ਟਰੈਕ ਦੇ ਕੋਲ ਮਿਲੀ। ਇਹ ਸਥਾਨ ਬੂਥ ਤੋਂ ਕਰੀਬ 20 ਕਿ.ਮੀ. ਦੂਰ ਸੀ, ਜਿੱਥੇ ਰਾਜਕਮਾਰ ਦੀ ਚੋਣ ਡਿਊਟੀ ਲਗੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਨਾਲ ਹੀ ਸ਼ੱਕ ਵਜੋਂ ਕਤਲ ਦਾ ਕੇਸ ਦਰਜ ਕਰ ਲਿਆ ਹੈ। ਡੀਐਸਪੀ ਸ਼ਾਮ ਸਿੰਘ ਨੇ ਦਸਿਆ ਕਿ ਅਸੀਂ ਇਹ ਕੇਸ ਸੀਆਈਡੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।
ਮੁਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਉਸ ਦਿਨ ਸੰਬੰਧਤ ਬੂਥ 'ਤੇ ਕੋਈ ਗੜਬੜ ਨਹੀਂ ਹੋਈ ਸੀ, ਉੱਥੇ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੋਈ ਸੀ। ਅਸੀਂ ਬੂਥ 'ਤੇ ਤਾਇਨਾਤ ਹੋਰ ਚੋਣ ਕਰਮਚਾਰੀਆਂ ਨਾਲ ਵੀ ਗੱਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਬਹੁਤ ਕੁੱਝ ਭਰਮ ਫੈਲਾਇਆ ਜਾ ਰਿਹਾ ਹੈ ਜੋ ਕਿ ਸਹੀ ਨਹੀਂ ਹੈ।ਰਾਏਗੰਜ ਵਿਚ ਜ਼ਿਲ੍ਹਾ ਅਧਿਕਾਰੀ ਆਇਸ਼ਾ ਰਾਣੀ ਦੇ ਮੁਤਾਬਕ ਸੋਨਾਪੁਰ ਜੀਆਰਪੀ ਦੇ ਵੱਲੋ ਉਸ ਦਿਨ ਹਾਦਸੇ ਦੀ ਸੂਚਨਾ ਦਿਤੇ ਜਾਣ ਤੋਂ ਬਾਅਦ ਰਾਜ ਕੁਮਾਰ ਨੂੰ ਟਰੇਸ ਕੀਤਾ ਗਿਆ।
ਆਇਸ਼ਾ ਰਾਣੀ ਨੇ ਕਿਹਾ ਅਸੀਂ ਪੋਲਿੰਗ ਪਾਰਟੀ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਰਾਏ ਵੋਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਬੂਥ ਨੂੰ ਛੱਡ ਕੇ ਚਲੇ ਗਏ ਸਨ। ਸੋਨਾਰਪੁਰ ਜੀਆਰਪੀ ਦੇ ਵਲੋਂ ਇਸ ਹਾਦਸੇ ਦੀ ਸੂਚਨਾ ਦਿਤੀ ਗਈ| ਤਲਾਸ਼ ਕਰਨ ਤੋਂ ਬਾਅਦ ਇਕ ਲਾਸ਼ ਮਿਲੀ ਤਾਂ ਉਸਦੀ ਪਹਿਚਾਣ ਰਾਜਕੁਮਾਰ ਦੇ ਤੌਰ 'ਤੇ ਹੋਈ।ਰਾਜ ਕੁਮਾਰ ਦੀ ਲਾਸ਼ ਮਿਲਣ ਦੀ ਜਿਵੇਂ ਹੀ ਸੂਚਨਾ ਮਿਲੀ ਖੇਤਰ ਵਿਚ ਤਾਇਨਾਤ ਵੋਟਿੰਗ ਕਰਮਚਾਰੀਆਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿਤਾ। ਇਕ ਜਗ੍ਹਾ ਐਸਡੀਉ ਉਨ੍ਹਾਂ ਨੂੰ ਸ਼ਾਂਤ ਕਰਨ ਦੇ ਇਰਾਦੇ ਨਾਲ ਪਹੁੰਚੇ ਤਾਂ ਉਸਦੇ ਨਾਲ ਹੱਥੋਪਾਈ ਕੀਤੀ ਗਈ। ਜ਼ਿਲ੍ਹਾ ਅਧਿਕਾਰੀ ਨੂੰ ਜਦੋਂ ਇਹ ਜਾਣਕਾਰੀ ਦਿਤੀ ਗਈ ਤਾਂ ਤਾਇਨਾਤ ਸਾਰੇ ਵੋਟਿੰਗ ਕਰਮਚਾਰੀਆਂ ਨੂੰ ਹਟਾ ਕੇ ਦੂਜੇ ਰਿਜ਼ਰਵ ਕਰਮਚਾਰੀਆਂ ਨੂੰ ਲਗਾ ਦਿਤਾ ਗਿਆ।