ਉਡਾਨ 'ਚ ਦੇਰੀ ਨੂੰ ਲੈ ਕੇ ਏਅਰ ਇੰਡੀਆ 'ਤੇ ਲੱਗ ਸਕਦੈ 88 ਲੱਖ ਡਾਲਰ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਏਅਰ ਇੰਡੀਆ ਨੂੰ 9 ਮਈ ਨੂੰ ਦਿੱਲੀ-ਸ਼ਿਕਾਗੋ ਉਡਾਨ ਵਿਚ ਦੇਰੀ ਦੀ ਵਜ੍ਹਾ ਨਾਲ 323 ਯਾਤਰੀਆਂ ਨੂੰ 88 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ...

Air India

ਨਵੀਂ ਦਿੱਲੀ : ਸਰਕਾਰੀ ਏਅਰ ਇੰਡੀਆ ਨੂੰ 9 ਮਈ ਨੂੰ ਦਿੱਲੀ-ਸ਼ਿਕਾਗੋ ਉਡਾਨ ਵਿਚ ਦੇਰੀ ਦੀ ਵਜ੍ਹਾ ਨਾਲ 323 ਯਾਤਰੀਆਂ ਨੂੰ 88 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਚਾਲਕ ਦਲ ਦੇ ਮੈਂਬਰਾਂ ਨੂੰ ਦਿਤੀ ਜਾਣ ਵਾਲੀ ਡਿਊਟੀ ਦੇ ਸਮੇਂ ਵਿਚ ਛੋਟ (ਐਫਡੀਟੀਐਲ) ਨੂੰ ਵਾਪਸ ਲੈਣ ਦੀ ਵਜ੍ਹਾ ਨਾਲ ਇਸ ਉਡਾਨ ਵਿਚ ਦੇਰੀ ਹੋਈ ਸੀ। ਏਅਰ ਇੰਡੀਆ ਅਤੇ ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਨੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ 18 ਅਪ੍ਰੈਲ ਨੂੰ ਡੀਜੀਸੀਏ ਨੂੰ ਦਿਤੇ ਗਏ ਨਿਰਦੇਸ਼ ਵਿਚ ਸੁਧਾਰ ਦੀ ਮੰਗ ਕੀਤੀ ਜੋ ਐਫਡੀਟੀਐਲ ਵਿਚ ਤਬਦੀਲੀ ਦੀ ਇਜਾਜ਼ਤ ਨਹੀਂ ਦਿੰਦਾ ਹੈ।

9 ਮਈ ਨੂੰ ਉਡਾਨ ਏਆਈ 127 ਨੂੰ ਸ਼ਿਕਾਗੋ ਜਾਣਾ ਸੀ ਅਤੇ ਉਡਾਨ ਦਾ ਸਮਾਂ 16 ਘੰਟੇ ਸੀ। ਖ਼ਰਾਬ ਮੌਸਮ ਹੋਣ ਦੀ ਵਜ੍ਹਾ ਨਾਲ ਉਥੇ ਉਡਾਨ ਤੈਅ ਸਮੇਂ 'ਤੇ ਉਤਰ ਨਹੀਂ ਸਕੀ ਅਤੇ ਇਸ ਦਾ ਰਸਤਾ ਬਦਲ ਕੇ ਇਸ ਨੂੰ ਨੇੜੇ ਦੇ ਮਿਲਵੌਕੀ ਭੇਜ ਦਿਤਾ ਗਿਆ। ਉਡਾਨ ਸ਼ਿਕਾਗੋ ਤੋਂ ਮਿਲਵੌਕੀ ਤਕ ਦਾ ਸਫ਼ਰ 19 ਮਿੰਟ ਦਾ ਸੀ। ਉਡਾਨ ਵਿਚ ਸਵਾਰ ਯਾਤਰੀ ਪਹਿਲਾਂ ਹੀ 16 ਘੰਟੇ ਦੀ ਯਾਤਰਾ ਕਰ ਚੁੱਕੇ ਸਨ ਪਰ ਚਾਲਕ ਦਲ ਦੇ ਮੈਂਬਰਾਂ ਦੀ ਡਿਊਟੀ ਦੇ ਸਮੇਂ ਨੇ ਮਾਮਲਾ ਵਿਗਾੜ ਦਿਤਾ। ਦਰਅਸਲ ਚਾਲਕ ਦਲ ਦੇ ਮੈਂਬਰਾਂ ਦੀ ਡਿਊਅੀ ਪੂਰੀ ਹੋ ਚੁੱਕੀ ਸੀ ਅਤੇ ਇਸ ਵਿਚ ਤਬਦੀਲੀ ਨੂੰ ਵਾਪਸ ਲੈਣ ਦੀ ਵਜ੍ਹਾ ਨਾਲ ਉਸ ਦਿਨ ਚਾਲਕ ਦਲ ਦੇ ਮੈਂਬਰਾਂ ਨੂੰ ਇਕ ਵਾਰ ਹੀ ਜਹਾਜ਼ ਉਤਾਰਨ ਦੀ ਇਜਾਜ਼ਤ ਸੀ। 

ਏਅਰ ਇੰਡੀਆ ਦੇ ਸੂਤਰਾਂ ਮੁਤਾਬਕ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਡੀਜੀਸੀਏ ਦੁਆਰਾ ਡਿਊਅੀ ਦੇ ਘੰਟਿਆਂ ਵਿਚ ਤਬਦੀਲੀ ਨੂੰ ਵਾਪਸ ਲੈਣ ਦੇ ਕਾਰਨ ਏਅਰਲਾਈਨਜ਼ ਦੇ ਕੋਲ ਸਿਰਫ਼ ਚਾਲਕ ਦਲ ਦੇ ਨਵੇਂ ਮੈਂਬਰਾਂ ਦਾ ਇੰਤਜ਼ਾਮ ਕਰਨ ਤੋਂ ਇਲਾਵਾ ਕੋਈ ਹੋਰ ਕੋਈ ਹੱਲ ਨਹੀਂ ਸੀ। ਇਨ੍ਹਾਂ ਨੂੰ ਉਡਾਨ ਦਾ ਚਾਰਜ ਲੈਣ ਲਈ ਸੜਕ ਰਸਤੇ ਤੋਂ ਮਿਲਵੌਕੀ ਭੇਜਿਆ ਗਿਆ। ਇਸ ਕਾਰਨ ਉਡਾਨ ਛੇ ਘੰਟੇ ਦੀ ਦੇਰੀ ਤੋਂ ਬਾਅਦ ਸ਼ਿਕਾਗੋ ਲਈ ਰਵਾਨਾ ਹੋ ਸਕੀ। ਇਸ ਦੌਰਾਨ ਮੁਸਾਫ਼ਰ ਜਹਾਜ਼ ਵਿਚ ਹੀ ਰਹੇ।

ਇਸ ਤੋਂ ਬਾਅਦ ਅਮਰੀਕਾ ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਨੇ ਮੁਸੀਬਤ ਹੋਰ ਵਧਾ ਦਿਤੀ ਜੋ ਇਸ ਤਰ੍ਹਾਂ ਨਾਲ ਦੇਰੀ ਹੋਣ 'ਤੇ ਏਅਰਲਾਈਨ 'ਤੇ 'ਟ੍ਰਮਕ ਡਿਲੇਅ' ਦਾ ਦੋਸ਼ ਲਗਾਉਂਦਾ ਹੈ। ਸੂਤਰਾਂ ਨੇ ਦਸਿਆ ਕਿ ਅਜਿਹੇ ਮਾਮਲੇ ਵਿਚ ਏਅਰਲਾਈਨਜ਼ 'ਤੇ 27500 ਅਮਰੀਕੀ ਡਾਲਰ ਪ੍ਰਤੀ ਯਾਤਰੀ ਦੇ ਹਿਸਾਬ ਨਾਲ ਜੁਰਮਾਨਾ ਲਗ ਸਕਦਾ ਹੈ।