ਇੰਦੌਰ ਸੱਭ ਤੋਂ ਸਾਫ਼-ਸੁਥਰਾ ਸ਼ਹਿਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੋਪਾਲ ਦੂਜੇ ਅਤੇ ਚੰਡੀਗੜ੍ਹ ਤੀਜੇ ਸਥਾਨ 'ਤੇ

Indore

ਨਵੀਂ ਦਿੱਲੀ, ਸਰਕਾਰ ਦੇ ਸਾਫ਼-ਸਫ਼ਾਈ ਸਰਵੇਖਣ ਵਿਚ ਇੰਦੌਰ ਸੱਭ ਤੋਂ ਸਾਫ਼-ਸੁਥਰੇ ਸ਼ਹਿਰ ਵਜੋਂ ਸਾਹਮਣੇ ਆਇਆ ਹੈ। ਦੂਜੇ ਨੰਬਰ 'ਤੇ ਭੋਪਾਲ ਅਤੇ ਤੀਜੇ ਨੰਬਰ 'ਤੇ ਚੰਡੀਗੜ੍ਹ ਰਿਹਾ ਹੈ। ਸ਼ਹਿਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਸਵੱਛਤਾ ਸਰਵੇਖਣ 2018 ਦੇ ਨਤੀਜੇ ਐਲਾਨੇ। ਇਸ ਦਾ ਮਕਸਦ ਦੇਸ਼ ਭਰ ਦੇ ਸ਼ਹਿਰਾਂ ਵਿਚ ਸਾਫ਼-ਸਫ਼ਾਈ ਦੇ ਪੱਧਰ ਦਾ ਮੁਲਾਂਕਣ ਕਰਨਾ ਹੈ। ਸਰਵੇਖਣ ਵਿਚ ਝਾਰਖੰਡ ਨੂੰ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਚੁਣਿਆ ਗਿਆ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਛਤੀਸਗੜ੍ਹ ਦਾ ਨੰਬਰ ਆਇਆ ਹੈ। ਪਿਛਲੇ ਸਰਵੇਖਣਾਂ ਦੀ ਤੁਲਨਾ ਵਿਚ ਇਸ ਵਾਰ ਆਮ ਨਾਗਰਿਕਾਂ ਤੋਂ ਮਿਲੇ ਪ੍ਰਤੀਕਰਮ ਨੂੰ ਕਾਫ਼ੀ ਅਹਿਮੀਅਤ ਦਿਤੀ ਗਈ ਸੀ। ਇੰਦੌਰ ਪਿਛਲੇ ਸਾਲ ਵੀ ਸੱਭ ਤੋਂ ਸਾਫ਼-ਸੁਥਰਾ ਸ਼ਹਿਰ ਚੁਣਿਆ ਗਿਆ ਸੀ।

ਉਸ ਸਮੇਂ ਸਿਰਫ਼ 430 ਸ਼ਹਿਰਾਂ ਲਈ ਸਰਵੇਖਣ ਕਰਾਇਆ ਗਿਆ ਸੀ ਪਰ ਇਸ ਵਾਰ ਕਰੀਬ 4200 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪੁਰੀ ਨੇ ਕਿਹਾ ਕਿ ਖ਼ਰਾਬ ਪ੍ਰਦਰਸ਼ਨ ਵਾਲੇ ਸ਼ਹਿਰਾਂ ਦੇ ਨਾਮ ਉਸ ਦਿਨ ਐਲਾਨੇ ਜਾਣਗੇ ਜਿਸ ਦਿਨ ਪੁਰਸਕਾਰ ਦਿਤੇ ਜਾਣਗੇ। ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਖ਼ੁਸ਼ ਲੋਕ ਸਭਾ ਸਪੀਕਰ ਸਮਿਤਰਾ ਮਹਾਜਨ ਨੇ ਇਸ ਪ੍ਰਾਪਤੀ ਦਾ ਸਿਹਰਾ ਸ਼ਹਿਰ ਦੇ ਆਮ ਲੋਕਾਂ ਨੂੰ ਦਿਤਾ ਹੈ। ਮਹਾਜਨ ਇੰਦੌਰ ਹਲਕੇ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਕਿਹਾ, 'ਇਸ ਸਫ਼ਲਤਾ ਵਿਚ ਸਹਿਯੋਗ ਅਤੇ ਭਾਈਵਾਲੀ ਦੀ ਇੰਦੌਰੀ ਸੰਸਕ੍ਰਿਤੀ ਦਾ ਪ੍ਰਮੁੱਖ ਯੋਗਦਾਨ ਹੈ।  (ਏਜੰਸੀ)