ਯੇਦੀਯੁਰੱਪਾ ਨੇ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਧਰਨੇ 'ਤੇ ਬੈਠੇ ਕਾਂਗਰਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਐਸ ਯੇਦੀਯੁਰੱਪਾ ਨੂੰ ਰਾਜਭਵਨ ਵਿਚ ਰਾਜਪਾਲ ਵਜੂਭਾਈ ਵਾਲਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਯੇਦੀਯੁਰੱਪਾ ਨੇ ਕਰਨਾਟਕ ਦੇ ...

karnataka chief minister bs yeddyurappa oath ceremony

ਨਵੀਂ ਦਿੱਲੀ : ਬੀਐਸ ਯੇਦੀਯੁਰੱਪਾ ਨੂੰ ਰਾਜਭਵਨ ਵਿਚ ਰਾਜਪਾਲ ਵਜੂਭਾਈ ਵਾਲਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਯੇਦੀਯੁਰੱਪਾ ਨੇ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਲਈ। ਇਹ ਤੀਜੀ ਵਾਰ ਹੈ ਜਦੋਂ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ। ਉਨ੍ਹਾਂ ਦੇ ਸਵਾਗਤ ਲਈ ਰਾਜ ਭਵਨ ਦੇ ਬਾਹਰ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ। ਜਗ੍ਹਾ ਜਗ੍ਹਾ ਢੋਲ ਨਗਾਰੇ ਵਜ ਰਹੇ ਸਨ। 

ਦਸ ਦਈਏ ਕਿ ਅੱਜ ਸਿਰਫ਼ ਯੇਦੀਯੁਰੱਪਾ ਨੇ ਹੀ ਸਹੁੰ ਲਈ। ਮੰਤਰੀ ਮੰਡਲ ਦਾ ਸਹੁੰ ਚੁਕ ਸਮਾਗਮ ਵਿਧਾਨ ਸਭਾ ਵਿਚ ਫਲੋਰ ਟੈਸਟ ਤੋਂ ਬਾਅਦ ਹੋਵੇਗਾ। ਉਥੇ ਇਸ ਤੋਂ ਪਹਿਲਾਂ ਕਰਨਾਟਕ ਦਾ ਨਾਟਕ ਸੁਪਰੀਮ ਕੋਰਟ ਵਿਚ ਰਾਤ ਨੂੰ ਵੀ ਚੱਲਿਆ। ਸੁਪਰੀਮ ਕੋਰਟ ਨੇ ਕਾਂਗਰਸ ਦੀ ਸਹੁੰ ਨੂੰ ਟਾਲਣ ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਖ਼ਾਰਜ ਕਰ ਦਿਤਾ ਹੈ। ਅਦਾਲਤ ਨੇ ਫ਼ੈਸਲੇ ਵਿਚ ਕਿਹਾ ਕਿ ਉਹ ਰਾਜਪਾਲ ਨੂੰ ਆਦੇਸ਼ ਨਹੀਂ ਦੇ ਸਕਦੇ ਅਤੇ ਸਹੁੰ 'ਤੇ ਰੋਕ ਨਹੀਂ ਲਗਾਈ ਜਾ ਸਕਦੀ।

ਬੀਐਸ ਯੇਦੀਯੁਰੱਪਾ ਦੇ ਸਹੁੰ ਚੁੱਕਣ ਦੇ ਵਿਰੁਧ ਕਾਂਗਰਸ ਦੇ ਨੇਤਾ ਵਿਧਾਨ ਸਭਾ ਦੇ ਬਾਹਰ ਮਹਾਤਮਾ ਗਾਂਧੀ ਦੀ ਮੂਰਤੀ ਦੇ ਕੋਲ ਧਰਨੇ 'ਤੇ ਬੈਠ ਗਏ। ਇਨ੍ਹਾਂ ਨੇਤਾਵਾਂ ਵਿਚ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ ਅਤੇ ਸਿਧਰਮਈਆ ਸਮੇਤ ਹੋਰ ਕਾਂਗਰਸੀ ਵਿਧਾਇਕ ਸ਼ਾਮਲ ਹਨ। ਸਿਰਧਰਮਈਆ ਨੇ ਕਿਹਾ ਕਿ ਅਸੀਂ ਲੋਕਾਂ ਦੇ ਕੋਲ ਜਾਵਾਂਗੇ ਅਤੇ ਉਨ੍ਹਾਂ ਨੂੰ ਦੱਸਾਂਗੇ ਕਿ ਕਿਵੇਂ ਭਾਜਪਾ ਸੰਵਿਧਾਨ ਦੇ ਵਿਰੁਧ ਜਾ ਰਹੀ ਹੈ। ਉਨ੍ਹਾਂ ਨੂੰ ਸੰਸਦ 'ਤੇ ਭਰੋਸਾ ਨਹੀਂ ਹੈ। ਕਰਨਾਟਕ ਵਿਚ 222 ਵਿਧਾਇਕ ਹਨ। ਸਹੁੰ ਲੈਣ ਤੋਂ ਪਹਿਲਾਂ ਉਨ੍ਹਾਂ ਨੇ 112 ਵਿਧਾਇਕਾਂ ਦੀ ਸੂਚੀ ਪੇਸ਼ ਕੀਤੀ ਹੈ।

ਸੁਪਰੀਮ ਕੋਰਟ ਦਾ ਫ਼ੈਸਲਾ ਕਹਿੰਦਾ ਹੈ ਕਿ ਬਹੁਮਤ ਜ਼ਰੂਰੀ ਹੈ ਨਾ ਕਿ ਸਭ ਤੋਂ ਵੱਡੀ ਪਾਰਟੀ।  ਯੇਦੀਯੁਰੱਪਾ ਕਰਨਾਟਕ ਦੇ ਵੱਡੇ ਲਿੰਗਾਇਤ ਨੇਤਾ ਹਨ। ਪਹਿਲੀ ਵਾਰ 2007 ਵਿਚ 7 ਦਿਨਾਂ ਲਈ ਮੁੱਖ ਮੰਤਰੀ ਬਣੇ ਅਤੇ ਇਸ ਤੋਂ ਬਾਅਦ 30 ਮਈ 2008 ਨੂੰ ਦੂਜੀ ਵਾਰ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਜੁਲਾਈ 2011 ਵਿਚ ਛੱਡਣੀ ਪਈ ਸੀ।