ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੌਰਾਨ ਅਤਿਵਾਦੀਆਂ ਵਿਰੁਧ ਕਾਰਵਾਈ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕਰਦਿਆਂ ਅੱਜ ਸੁਰੱਖਿਆ ਬਲਾਂ ਨੂੰ ਕਿਹਾ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਜੰਮੂ-ਕਸ਼ਮੀਰ ਵਿਚ ਕੋਈ ਮੁਹਿੰਮ ਨਾ ਚਲਾਉਣ। ਗ੍ਰਹਿ...

Rajnath Singh

ਨਵੀਂ ਦਿੱਲੀ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕਰਦਿਆਂ ਅੱਜ ਸੁਰੱਖਿਆ ਬਲਾਂ ਨੂੰ ਕਿਹਾ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਜੰਮੂ-ਕਸ਼ਮੀਰ ਵਿਚ ਕੋਈ ਮੁਹਿੰਮ ਨਾ ਚਲਾਉਣ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਫ਼ੈਸਲਾ ਸ਼ਾਂਤੀਪਸੰਦ ਮੁਸਲਮਾਨਾਂ ਦੀ ਸ਼ਾਂਤਮਈ ਮਾਹੌਲ ਵਿਚ ਰਮਜ਼ਾਨ ਮਨਾਉਣ ਵਿਚ ਮਦਦ ਕਰਨ ਲਈ ਲਿਆ ਗਿਆ ਹੈ। ਉਧਰ, ਲਸ਼ਕਰ-ਏ-ਤਾਇਬਾ ਨੇ ਇਹ ਤਜਵੀਜ਼ ਰੱਦ ਕਰਦਿਆਂ ਕਿਹਾ ਕਿ ਰਮਜ਼ਾਨ ਦੌਰਾਨ ਵੀ ਹਮਲੇ ਜਾਰੀ ਰਹਿਣਗੇ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੁਰੱÎਖਿਆ ਬਲਾਂ ਨੂੰ ਹਮਲੇ ਦੀ ਹਾਲਤ ਵਿਚ ਜਾਂ ਬੇਗੁਨਾਹ ਲੋਕਾਂ ਦੀ ਜਾਨ ਦੀ ਹਿਫ਼ਾਜ਼ਤ ਲਈ ਲੋੜ ਪੈਣ 'ਤੇ ਜਵਾਬ ਦੇਣ ਦਾ ਅਧਿਕਾਰ ਹੋਵੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਜਾਣੂੰ ਕਰਾਇਆ। ਬੁਲਾਰੇ ਨੇ ਕਿਹਾ, 'ਮੁਰਖਤਾਪੂਰਨ ਹਿੰਸਾ ਅਤੇ ਅਤਿਵਾਦ ਦਾ ਸਹਾਰਾ ਲੈ ਕੇ ਇਸਲਾਮ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਵੱਖ ਵੱਖ ਕਰਨ ਲਈ ਇਹ ਜ਼ਰੂਰੀ ਹੈ।'

ਉਨ੍ਹਾਂ ਕਿਹਾ ਕਿ ਸਰਕਾਰ ਇਸ ਪਹਿਲ ਵਿਚ ਸੱਭ ਦੇ ਸਹਿਯੋਗ ਅਤੇ ਮੁਸਲਮਾਨ ਭਰਾਵਾਂ-ਭੈਣਾਂ ਦੀ ਸ਼ਾਂਤਮਈ ਤਰੀਕੇ ਨਾਲ ਅਤੇ ਬਿਨਾਂ ਕਿਸੇ ਮੁਸ਼ਕਲ ਰਮਜ਼ਾਨ ਮਨਾਉਣ ਵਿਚ ਮਦਦ ਕਰਨ ਦੀ ਉਮੀਦ ਕਰਦੀ ਹੈ। ਰਮਜ਼ਾਨ ਦਾ ਪਵਿੱਤਰ ਮਹੀਨਾ ਚੰਨ ਦਿਸਣ ਦੇ ਹਿਸਾਬ ਨਾਲ ਕਲ ਜਾਂ ਸ਼ੁਕਰਵਾਰ ਤੋਂ ਸ਼ੁਰੂ ਹੋਵੇਗਾ। ਭਾਜਪਾ ਨੇ ਉਮੀਦ ਪ੍ਰਗਟ ਕੀਤੀ ਕਿ ਜੰਮੂ ਕਸ਼ਮੀਰ ਸੁਰੱਖਿਆ ਬਲਾਂ ਦੀ ਮੁਹਿੰਮ ਬੰਦ ਕਰਨ ਦੇ ਕੇਂਦਰ ਦੇ ਫ਼ੈਸਲੇ ਮੁਤਾਬਕ ਘਾਟੀ ਦੇ ਸਾਰੇ ਲੋਕ ਵਿਹਾਰ ਕਰਨਗੇ। ਭਾਜਪਾ ਦੇ ਆਗੂ ਰਾਮਮਾਧਵ ਨੇ ਕਿਹਾ, 'ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਵਿਵੇਕਪੂਰਣ ਫ਼ੈਸਲੇ ਦਾ ਇਸ ਉਮੀਦ ਨਾਲ ਸਵਾਗਤ ਕਰਦੇ ਹਾਂ ਕਿ ਇਸ ਕਦਮ ਮੁਤਾਬਕ ਘਾਟੀ ਦੇ ਲੋਕ ਵਿਹਾਰ ਕਰਨਗੇ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਸ਼ਾਂਤੀ ਕਾਇਮ ਰਖਣਗੇ।' ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। (ਏਜੰਸੀ)