ਕਰਨਾਟਕ ਰਾਜਪਾਲ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਪਹੁੰਚੇ ਜੇਠਮਲਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਸਰਕਾਰ ਗਠਨ ਦੇ ਵਿਰੁਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਲੇ ਸੀਨੀਅਰ ਐਡਵੋਕੇਟ ਰਾਮ ਜੇਠਮਲਾਨੀ ਨੇ ....

ram jethmalani attacks karnataka governor

ਨਵੀਂ ਦਿੱਲੀ : ਕਰਨਾਟਕ ਵਿਚ ਸਰਕਾਰ ਗਠਨ ਦੇ ਵਿਰੁਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਲੇ ਸੀਨੀਅਰ ਐਡਵੋਕੇਟ ਰਾਮ ਜੇਠਮਲਾਨੀ ਨੇ ਕਰਨਾਟਕ ਦੇ ਰਾਜਪਾਲ ਵਜੂਭਾਈ ਪਟੇਲ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਤਾ ਨਹੀਂ ਰਾਜਪਾਲ ਨੂੰ ਅਜਿਹਾ ਕੀ ਕਿਹਾ, ਜਿਸ ਨਾਲ ਉਨ੍ਹਾਂ ਇਹ ਬੇਵਕੂਫ਼ਨਾਮਾ ਕਦਮ ਉਠਾਇਆ। ਉਨ੍ਹਾਂ ਦਾ ਇਹ ਕਦਮ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਸੱਦਾ ਹੈ। 

ਰਾਮ ਜੇਠਮਲਾਨੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਰਾਜਪਾਲ ਖ਼ੁਦ ਪਾਰਟੀ ਹਨ ਜਾਂ ਨਹੀਂ, ਪਰ ਉਹ ਦੂਜਿਆਂ ਨੂੰ ਭ੍ਰਿਸ਼ਟਾਚਾਰ ਕਰਨ ਲਈ ਬੜ੍ਹਾਵਾ ਦੇ ਰਹੇ ਹਨ ਤਾਂ ਉਹ ਖ਼ੁਦ ਭ੍ਰਿਸ਼ਟ ਹਨ। ਤੁਹਾਨੂੰ ਦਸ ਦਈਏ ਕਿ ਰਾਮ ਜੇਠਮਲਾਨੀ ਰਾਜਪਾਲ ਵਜੂਭਾਈ ਪਟੇਲ ਵਲੋਂ ਪਹਿਲਾਂ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਪਹੁੰਚੇ ਸਨ। 

ਜੇਠਮਲਾਨੀ ਨੇ ਕਿਹਾ ਕਿ ਰਾਜਪਾਲ ਦਾ ਭਾਜਪਾ ਨੂੰ ਪਹਿਲਾਂ ਸਰਕਾਰ ਬਣਾਉਣ ਦਾ ਸੱਦਾ ਦੇਣ ਫ਼ੈਸਲਾ ਅਸੰਵਿਧਾਨਕ ਹੈ ਅਤੇ ਤਾਕਤ ਦੀ ਗ਼ਲਤ ਵਰਤੋਂ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਇਹ ਉਨ੍ਹਾਂ ਦੀ ਵਿਅਕਤੀਗਤ ਪਟੀਸ਼ਨ ਹੈ ਅਤੇ ਉਹ ਕਿਸੇ ਪਾਰਟੀ ਜਾਂ ਵਿਅਕਤੀ ਦੀ ਨੁਮਾਇੰਦਗੀ ਨਹੀਂ ਕਰ ਰਹੇ ਹਨ। ਚੀਫ਼ ਜਸਟਿਸ ਦੀ ਬੈਂਚ ਵਾਲੀ ਅਦਾਲਤ ਨੇ ਉਨ੍ਹਾਂ ਨੂੰ ਸ਼ੁਕਰਵਾਰ ਨੂੰ ਮਾਮਲਾ ਸੂਚੀਬੱਧ ਕਰਵਾਉਣ ਲਈ ਆਖਿਆ ਹੈ। 

ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਲਈ। ਇਹ ਤੀਜੀ ਵਾਰ ਹੈ ਜਦੋਂ ਯੇਦੀਯੁਰੱਪਾ ਕਰਨਾਟਕ ਦੇ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ। ਉਨ੍ਹਾਂ ਨੇ ਫਲੋਰ ਟੈਸਟ ਲਈ 15 ਦਿਨ ਦਾ ਸਮਾਂ ਮਿਲਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਬੁੱਧਵਾਰ ਦੀ ਰਾਤ ਸੁਪਰੀਮ ਕੋਰਟ ਗਈ ਸੀ ਅਤੇ ਯੇਦੀਯੁਰੱਪਾ ਦਾ ਸਹੁੰ ਚੁੱਕ ਸਮਾਗਮ ਟਾਲਣ ਦੀ ਅਰਜ਼ੀ ਦਿਤੀ ਸੀ ਪਰ ਅਦਾਲਤ ਨੇ ਕਾਂਗਰਸ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿਤਾ ਸੀ।