ਯੇਦੀਯੁਰੱਪਾ ਹੋਣਗੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਸਵੇਰੇ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

Yeddyurappa

ਨਵੀਂ ਦਿੱਲੀ, ਕਰਨਾਟਕ ਦਾ ਸਿਆਸੀ ਭੰਬਲਭੂਸਾ ਖ਼ਤਮ ਕਰਦਿਆਂ ਰਾਜਪਾਲ ਵਜੁਭਾਈ ਵਾਲਾਨੇ ਅੱਜ ਦੇਰ ਸ਼ਾਮ ਭਾਜਪਾ ਨੂੰ ਸੂਬੇ ਵਿਚ ਅਗਲੀ ਸਰਕਾਰ ਬਣਾਉਣ ਦਾ ਸੱਦਾ ਦੇ ਦਿਤਾ। ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀ ਐਸ ਯੇਦੀਯੁਰੱਪਾ ਭਲਕੇ ਸਵੇਰੇ ਨੌਂ ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ।  ਉਨ੍ਹਾਂ ਨੂੰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿਤਾ ਗਿਆ ਹੈ।  ਸੂਤਰਾਂ ਮੁਤਾਬਕ ਅੱਜ ਸ਼ਾਮ ਰਾਜ ਭਵਨ ਦਾ ਦੂਤ ਯੇਦੀਯੁਰੱਪਾ ਦੇ ਘਰ ਪੁੱਜਾ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ। ਉਧਰ, ਕਾਂਗਰਸ ਨੇ ਰਾਜਪਾਲ ਦੇ ਇਸ ਫ਼ੈਸਲੇ ਨੂੰ ਜਮਹੂਰੀਅਤ ਦੀ ਹਤਿਆ ਕਰਨ ਵਾਲਾ, ਸੰਵਿਧਾਨ ਨੂੰ ਦਰੜ ਦੇਣ ਵਾਲਾ ਅਤੇ ਰਵਾਇਤਾਂ ਦੀ ਅਣਦੇਖੀ ਕਰਨ ਵਾਲਾ ਦਸਿਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਕਲ ਆਏ ਨਤੀਜਿਆਂ ਵਿਚ ਭਾਜਪਾ 104 ਸੀਟਾਂ ਲੈ ਕੇ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਜਦਕਿ ਕਾਂਗਰਸ 78 ਸੀਟਾਂ ਨਾਲ ਦੂਜੇ ਨੰਬਰ 'ਤੇ ਆਈ ਹੈ। ਜੇਡੀਐਸ ਨੂੰ 38 ਸੀਟਾਂ ਮਿਲੀਆਂ ਹਨ। ਸਹੁੰ-ਚੁੱਕ ਸਮਾਗਮ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਜਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਅੱਜ ਦਿਨ ਭਰ ਸਿਆਸੀ ਸਰਗਰਮੀਆਂ ਕਾਫ਼ੀ ਤੇਜ਼ ਰਹੀਆਂ। ਜੇਡੀਐਸ ਦੀ ਰਾਜ ਇਕਾਈ ਦੇ ਮੁਖੀ ਐਚ ਡੀ ਕੁਮਾਰਸਵਾਮੀ ਅਤੇ ਕੇਪੀਸੀਸੀ ਮੁਖੀ ਜੀ ਪਰਮੇਸ਼ਵਰ ਦੀ ਅਗਵਾਈ ਵਾਲੇ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।

ਦੋਹਾਂ ਪਾਰਟੀਆਂ ਨੇ ਵਿਧਾਇਕ ਦਲ ਦੀਆਂ ਬੈਠਕਾਂ ਕੀਤੀਆਂ। ਕੁਮਾਰਸਵਾਮੀ ਨੇ ਬਾਅਦ ਵਿਚ ਕਿਹਾ, 'ਜੇਡੀਐਸ ਅਤੇ ਕਾਂਗਰਸ ਵਿਚਕਾਰ ਚੋਣ ਮਗਰਲੇ ਸਮਝੌਤੇ ਅਤੇ ਬਸਪਾ ਨਾਲ ਚੋਣ ਪੂਰਬਲੇ ਸਮਝੌਤੇ ਮਗਰੋਂ ਅਸੀਂ ਕੁਲ 117 ਵਿਧਾਇਕ ਹਾਂ ਅਤੇ ਉਨ੍ਹਾਂ ਦੇ ਸਮਰਥਨ ਵਾਲੀ ਚਿੱਠੀ ਰਾਜਪਾਲ ਨੂੰ ਸੌਂਪ ਦਿਤੀ ਹੈ।  ਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐਚ ਡੀ ਕੁਮਾਰਾਸਵਾਮੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜਨ ਅਤੇ ਸਰਕਾਰ ਗਠਨ ਲਈ ਉਨ੍ਹਾਂ ਦਾ ਸਮਰਥਨ ਹਾਸਲ ਕਰਨ ਲਈ 100 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਆਗੂਆਂ ਮੁਤਾਬਕ ਰਾਜਪਾਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸੰਵਿਧਾਨ, ਸੁਪਰੀਮ ਕੋਰਟ ਦੇ ਫ਼ੈਸਲਿਆਂ ਅਤੇ ਰਵਾਇਤਾਂ ਮੁਤਾਬਕ ਕਾਰਜ ਕਰਨਗੇ। ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ ਕਿ ਗਠਜੋੜ ਕੋਲ 117 ਵਿਧਾਇਕ ਹਨ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿਤਾ ਜਾਵੇ। ਦੋਹਾਂ ਧਿਰਾਂ ਨੇ ਸਰਕਾਰ ਬਣਾਉਣ ਲਈ ਇਕ ਦੂਜੇ ਨੂੰ ਮਾਤ ਦੇਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਜੇਡੀਐਸ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਮਗਰੋਂ ਕੁਮਾਰਸਵਾਮੀ ਨੇ ਭਾਜਪਾ ਵਿਰੁਧ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਸਹਾਰਾ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਕਿਹਾ, 'ਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਤੋੜਨ ਲਈ 100 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਕਾਲਾ ਧਨ ਹੈ ਜਾਂ ਸਫ਼ੈਦ ਧਨ?  (ਏਜੰਸੀ)