ਸਰਕਾਰੀ ਪੈਕੇਜ ਸਿਰਫ਼ 3.22 ਲੱਖ ਕਰੋੜ ਦਾ : ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੀਡੀਪੀ ਦਾ ਮਹਿਜ਼ 1.6 ਫ਼ੀ ਸਦੀ ਹੈ ਆਰਥਕ ਪੈਕੇਜ

ਸਰਕਾਰੀ ਪੈਕੇਜ ਸਿਰਫ਼ 3.22 ਲੱਖ ਕਰੋੜ ਦਾ : ਕਾਂਗਰਸ

ਨਵੀਂ ਦਿੱਲੀ, 17 ਮਈ : ਕਾਂਗਰਸ ਨੇ ਆਰਥਕ ਪੈਕੇਜ ਦੇ ਨਾਮ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਦੁਆਰਾ ਐਲਾਨਿਆ ਆਰਥਕ ਪੈਕੇਜ ਕੁਲ ਘਰੇਲੂ ਉਤਪਾਦ ਦਾ ਸਿਰਫ਼ 1.6 ਫ਼ੀ ਸਦੀ ਹੈ ਜੋ 3.22 ਲੱਖ ਕਰੋੜ ਰੁਪਏ ਦਾ ਹੈ ਪਰ ਪ੍ਰਧਾਨ ਮੰਤਰੀ ਨੇ 20 ਲੱਖ ਕਰੋੜ ਰੁਪਏ ਦਾ ਦਾਅਵਾ ਕੀਤਾ ਸੀ।

ਕਾਂਗਰਸ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਥਨੀ ਤੇ ਕਹਿਣੀ ਬਰਾਬਰ ਰਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਅਦਾਰਿਆਂ ਤੇ ਗ਼ਰੀਬਾਂ ਦੇ ਹੱਥਾਂ ਵਿਚ ਪੈਸੇ ਦੇਣ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਤਾਕਿ ਅਰਥਚਾਰੇ ਵਿਚ ਮੁੜ ਜਾਨ ਪੈ ਸਕੇ। ਉਨ੍ਹਾਂ ਕਿਹਾ ਕਿ ਅਰਥਚਾਰੇ ਨੂੰ ਹੱਲਾਸ਼ੇਰੀ ਦੇਣਾ ਅਤੇ ਲੋਕਾਂ ਨੂੰ ਸਿਰਫ਼ ਕਰਜ਼ੇ ਦੇਣ ਵਿਚਾਲੇ ਫ਼ਰਕ ਹੈ।

ਸਾਬਕਾ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਐਲਾਨਾਂ 'ਤੇ ਸਵਾਲ ਚੁਕਦਿਆਂ ਪੈਕੇਜ ਬਾਰੇ ਬਹਿਸ ਲਈ ਵਿੱਤ ਮੰਤਰੀ ਨੂੰ ਚੁਨੌਤੀ ਵੀ ਦਿਤੀ। ਸ਼ਰਮਾ ਨੇ ਕਿਹਾ, 'ਪ੍ਰਧਾਨ ਮੰਤਰੀ ਦੇ ਐਲਾਨ 'ਤੇ ਇਤਰਾਜ਼ ਕਰਦਿਆਂ ਮੈਂ ਵਿੱਤ ਮੰਤਰੀ ਨੂੰ ਸਵਾਲ ਕਰ ਰਿਹਾ ਹਾਂ ਅਤੇ ਸਰਕਾਰ ਨੂੰ ਚੁਨੌਤੀ ਦੇ ਰਿਹਾ ਹਾਂ ਕਿ ਉਹ ਮੇਰੇ ਦੁਆਰਾ ਦਿਤੇ ਗਏ ਅੰਕੜਿਆਂ ਨੂੰ ਰੱਦ ਕਰੇ, ਮੈਂ ਵਿੱਤ ਮੰਤਰੀ ਨਾਲ ਬਹਿਸ ਲਈ ਤਿਆਰ ਹਾਂ।' ਸ਼ਰਮਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਨਾਕਿ ਸਾਵਲ ਪੁਛਣੇ ਚਾਹੀਦੇ ਹਨ।

ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੀ ਯੋਜਨਾ ਵਿਚ ਕਮੀ ਵਿਚ ਸੜਕਾਂ 'ਤੇ ਪੈਦਲ ਚੱਲਣ ਲਈ ਮਜਬੂਰ ਪ੍ਰਵਾਸੀਆਂ ਦੀ ਦੁਰਦਸ਼ਾ 'ਤੇ ਸਰਕਾਰ ਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਗ਼ਰੀਬਾਂ ਕੋਲੋਂ ਮਾਫ਼ੀ ਮੰਗੇ ਜਿਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿਤਾ ਗਿਆ ਹੈ। (ਏਜੰਸੀ)