ਦੇਸ਼ ਭਰ ਵਿਚ 31 ਮਈ ਤਕ ਵਧੀ ਤਾਲਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਕੂਲ, ਕਾਲਜ, ਹੋਟਲ, ਰੈਸਟੋਰੈਂਟ, ਸਿਨੇਮਾ ਬੰਦ ਰਹਿਣਗੇ J ਹਵਾਈ ਸੇਵਾ ਹਾਲੇ ਨਹੀਂ ਚੱਲੇਗੀ

ਦੇਸ਼ ਭਰ ਵਿਚ 31 ਮਈ ਤਕ ਵਧੀ ਤਾਲਾਬੰਦੀ

ਨਵੀਂ ਦਿੱਲੀ, 17 ਮਈ : ਕੌਮੀ ਆਫ਼ਤ ਪ੍ਰਬੰਧ ਅਥਾਰਟੀ (ਐਨਡੀਐਮਏ) ਨੇ ਐਤਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ਵਿਆਪੀ ਤਾਲਾਬੰਦੀ ਦੀ ਮਿਆਦ 31 ਮਈ ਤਕ ਵਧਾਈ ਗਈ ਹੈ।ਐਨਡੀਐਮਏ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਨੂੰ ਤਾਲਾਬੰਦੀ ਦੀ ਮਿਆਦ ਨੂੰ ਦੇਸ਼ ਭਰ ਵਿਚ 14 ਦਿਨਾਂ ਲਈ ਵਧਾਇਆ ਜਾ ਰਿਹਾ ਹੈ।

ਅਥਾਰਟੀ ਦੇ ਮੈਂਬਰ ਸਕੱਤਰ ਜੀ ਵੀ ਵੀ ਸ਼ਰਮਾ ਨੇ ਕਿਹਾ ਕਿ ਆਫ਼ਤ ਪ੍ਰਬੰਧ ਕਾਨੂੰਨ 2005 ਦੇ ਪ੍ਰਾਵਧਾਨ 6, 2, ਆਈ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਐਨਡੀਐਮਏ ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ, ਰਾਜ ਸਰਕਾਰਾਂ ਅਤੇ ਰਾਜ ਦੀਆਂ ਅਥਾਰਟੀਆਂ ਨੂੰ ਤਾਲਬੰਦੀ ਤਹਿਤ ਲਾਗੂ ਨਿਯਮਾਂ ਨੂੰ 31 ਮਈ ਤਕ ਜਾਰੀ ਰੱਖਣ ਦਾ ਨਿਰਦੇਸ਼ ਦਿੰਦੀ ਹੈ।

ਹੁਕਮ ਮੁਤਾਬਕ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਵਾਲੀ ਕੌਮੀ ਕਾਰਜਕਾਰੀ ਕਮੇਟੀ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਉਹ ਕੋਵਿਡ-19 ਨੂੰ ਫੈਲਣ ਨੂੰ ਰੋਕਣ ਲਈ ਅਹਿਤਿਆਤ ਵਰਤਦਿਆਂ ਆਰਥਕ ਗਤੀਵਿਧੀਆਂ ਸ਼ੁਰੂ ਕਰਨ ਲਈ ਲੋੜ ਮੁਤਾਬਕ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਜਨਤਾ ਕਰਫ਼ਿਊ ਦਾ ਸੱਦਾ ਦਿਤਾ ਸੀ। ਫਿਰ ਉਨ੍ਹਾਂ 24 ਮਾਰਚ ਨੂੰ ਅਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਵਿਚ 25 ਮਾਰਚ ਤੋਂ 21 ਦਿਨਾਂ ਲਈ ਤਾਲਾਬੰਦੀ ਅਸਰਦਾਰ ਰਹੇਗੀ।

ਪਹਿਲਾ ਪੜਾਅ 14 ਅਪ੍ਰੈਲ ਨੂੰ ਖ਼ਤਮ ਹੋਣ ਵਾਲਾ ਸੀ ਪਰ ਉਨ੍ਹਾਂ ਇਸ ਨੂੰ ਵਧਾ ਕੇ ਪਹਿਲਾਂ ਤਿੰਨ ਮਈ ਅਤੇ ਫਿਰ 17 ਮਈ ਕਰ ਦਿਤਾ। ਅੱਜ ਦੇ ਹੁਕਮ ਨਾਲ ਸੋਮਵਾਰ ਤੋਂ ਤਾਲਾਬੰਦੀ 4.0 ਸ਼ੁਰੂ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਕੁੱਝ ਰਾਜਾਂ ਨੇ ਤਾਲਾਬੰਦੀ ਦੀ ਮਿਆਦ ਪਹਿਲਾਂ ਹੀ 31 ਮਈ ਤਕ ਵਧਾ ਦਿਤੀ ਹੈ।  ਨਵੀਆਂ ਸ਼ਰਤਾਂ ਤਹਿਤ ਘਰੇਲੂ ਹਵਾਈ ਐਂਬੂਲੈਂਸ ਨੂੰ ਛੱਡ ਕੇ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ 31 ਮਈ ਤਕ ਰੋਕ ਲੱਗੀ ਰਹੇਗੀ।
(ਏਜੰਸੀ)