ਘਰ ਪਰਤਣ ਲਈ ਟਰੱਕਾਂ, ਟੈਂਪੂਆਂ ਨੂੰ ਤਰਜੀਹ ਦੇ ਰਹੇ ਨੇ ਪ੍ਰਵਾਸੀ ਮਜ਼ਦੂਰ
ਸਮਾਜਕ ਦੂਰੀ ਦਾ ਕੋਈ ਪਾਲਣ ਨਹੀਂ
ਮੁੰਬਈ, 16 ਮਈ: ਤਾਲਾਬੰਦੀ ਕਰ ਕੇ ਮਹਾਰਾਸ਼ਟਰ ’ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਲਈ ਭਾਵੇਂ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਜ਼ਿਆਦਾਤਰ ਮਜ਼ਦੂਰ ਘਰ ਪਰਤਣ ਲਈ ਟਰੱਕ ਅਤੇ ਟੈਂਪੂ ਵਰਗੀਆਂ ਗੱਡੀਆਂ ਦਾ ਹੀ ਪ੍ਰਯੋਗ ਕਰ ਰਹੇ ਹਨ ਜਿਸ ਨਾਲ ਸਮਾਜਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡ ਰਹੀਆਂ ਹਨ।
ਪ੍ਰਵਾਸੀ ਮਜ਼ਦੂਰ ਟਰੱਕਾਂ ਅਤੇ ਟੈਂਪੂਆਂ ਨੂੰ ਜ਼ਿਆਦਾ ਸਹੂਲਤ ਵਾਲਾ ਮੰਨਦੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤਕ ਉਤਾਰ ਕੇ ਆਉਂਦੇ ਹਨ। ਇਸ ਤੋਂ ਉਲਟ ਬੱਸਾਂ ਉਨ੍ਹਾਂ ਨੂੰ ਸਿਰਫ਼ ਸੂਬੇ ਦੀ ਹੱਦ ਤਕ ਹੀ ਪਹੁੰਚਾਉਣਗੀਆਂ, ਜਦਕਿ ਰੇਲ ਗੱਡੀ ਉਨ੍ਹਾਂ ਦੇ ਸੂਬੇ ’ਚ ਸਟੇਸ਼ਨ ਤਕ ਜਾਵੇਗੀ ਜਿਥੋਂ ਉਨ੍ਹਾਂ ਨੂੰ ਅਪਣੇ ਘਰ ਪੁੱਜਣ ਲਈ ਗੱਡੀਆਂ ਦਾ ਪ੍ਰਬੰਧ ਕਰਨਾ ਪਵੇਗਾ। ਹਾਲਾਂਕਿ ਇਨ੍ਹਾਂ ਗੱਡੀਆਂ ’ਚ ਸਫ਼ਰ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਭਰੇ ਹੁੰਦੇ ਹਨ ਜਿਸ ਕਰ ਕੇ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ।
ਛੋਟੇ ਟੈਂਪੂਆਂ ’ਚ ਲਗਭਗ 20 ਵਿਅਕਤੀ ਬੈਠੇ ਹੁੰਦੇ ਹਨ, ਜਦਕਿ ਦਰਮਿਆਨੇ ਆਕਾਰ ਦੇ ਟੈਂਪੂ ’ਚ 25 ਤੋਂ 40 ਲੋਕ ਸਫ਼ਰ ਕਰ ਰਹੇ ਹੁੰਦੇ ਹਨ। ਤੋਟੇ ਟਰੱਕਾਂ ’ਚ 40 ਤੋਂ 60 ਲੋਕ ਜਾ ਰਹੇ ਹਨ ਜਦਕਿ ਵੱਡੇ ਟਰੱਕਾਂ ’ਚ 100 ਤੋਂ ਜਾਂ ਉਸ ਤੋਂ ਜ਼ਿਆਦਾ ਲੋਕ ਸਫ਼ਰ ਕਰ ਰਹੇ ਹਨ, ਜਿਨ੍ਹਾਂ ’ਚ ਕਈ ਗੱਡੀ ਦੀ ਛੱਤ ’ਤੇ ਬੈਠੇ ਹੁੰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਟਰੱਕ ਚਾਲਕ ਮੁੰਬਈ ਤੋਂ ਦੂਰੀ ਦੇ ਆਧਾਰ ’ਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤਕ ਦੇ ਸਫ਼ਰ ਲਈ ਪ੍ਰਤੀ ਵਿਅਕਤੀ 1500 ਤੋਂ 4500 ਰੁਪਏ ਤਕ ਵਸੂਲ ਰਹੇ ਹਨ।
ਕਈ ਪ੍ਰਵਾਸੀਆਂ ਨੇ ਕਿਹਾ ਕਿ ਗੱਡੀ ਚਾਲਕ ਮੱਧ ਪ੍ਰਦੇਸ਼ ਲਈ 1500 ਤੋਂ 2000, ਉੱਤਰ ਪ੍ਰਦੇਸ਼ ਲਈ 3000-3500 ਰੁਪਏ ਅਤੇ ਬਿਹਾਰ ਲਈ 3000 ਤੋਂ 4500 ਰੁਪਏ ਲੈ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰੱਕ ਵਰਗੀਆਂ ਗੱਡੀਆਂ ’ਚ ਮਜਬੂਰਨ ਸਫ਼ਰ ਕਰਨਾ ਪੈਂਦਾ ਹੈ ਕਿਉਂਕਿ ਰੇਲ ਗੱਡੀਆਂ ’ਚ ਸਫ਼ਰ ਲਈ ਉਨ੍ਹਾਂ ਦੀ ਇਜਾਜ਼ਤ ’ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲਦੀ ਹੈ। ਸੂਤਰਾਂ ਨੇ ਕਿਹਾ ਕਿ ਜ਼ਿਆਦਾਤਰ ਵਾਰੀ ਅਧਿਕਾਰੀ ਟਰੱਕ ਅਤੇ ਟੈਂਪੂਆਂ ’ਚ ਨਾਜਾਇਜ਼ ਰੂਪ ’ਚ ਪ੍ਰਵਾਸੀਆਂ ਨੂੰ ਲਿਆਂਦੇ ਜਾਣ ਦੀ ਘਟਨਾ ਨੂੰ ਨਜ਼ਰਅੰਦਾਜ਼ ਕਰਦੇ ਹਨ ਜਿੱਥੇ ਸਮਾਜਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡ ਰਹੀਆਂ ਹੁੰਦੀਆਂ ਹਨ। (ਪੀਟੀਆਈ)