ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ, ਇਹ ‘ਹਾਦਸਾ ਨਹੀਂ ਕਤਲ’ ਹੈ : ਸਮਾਜਵਾਦੀ ਪਾਰਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲਾ ਯੂ.ਪੀ. ’ਚ ਹਾਦਸੇ ਦੌਰਾਨ ਹਲਾਕ ਹੋਏ 24 ਮਜ਼ਦੂਰਾਂ ਦਾ 

File Photo

ਲਖਨਊ, 16 ਮਈ: ਉੱਤਰ ਪ੍ਰਦੇਸ਼ ਦੇ ਔਰਈਆ ਵਿਖੇ ਸੜਕ ਹਾਦਸੇ ’ਚ 24 ਮਜ਼ਦੂਰਾਂ ਦੀ ਮੌਤ ਨੂੰ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ‘ਹਾਦਸਾ ਨਹੀਂ ਕਤਲ’ ਦਸਿਆ ਹੈ। ਜਦਕਿ ਬਹੁਜਨ ਸਮਾਜ ਪਾਰਟੀ ਨੇ ਪਾਰਟੀ ਨੂੰ ਪਾਰਟੀਬਾਜ਼ੀ ਵਾਲੀ ਸਿਆਸਤ ਤੋਂ ਉਪਰ ਉਠ ਕੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਅਤੇ ਘਟਨਾ ’ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ।

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਹਾਦਸੇ ’ਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਨੂੰ ‘ਹਾਦਸਾ ਨਹੀਂ ਕਤਲ’ ਦਸਿਆ। ਉਨ੍ਹਾਂ ਨੇ ਮਿ੍ਰਤਕਾਂ ਦੇ ਰਿਸ਼ਤੇਦਾਰਾਂ ਨੂੰ ਪਾਰਟੀ ਵਲੋਂ ਇਕ-ਇਕ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕਰਦਿਆਂ ਸਰਕਾਰ ਨੂੰ ਹਰ ਮਜ਼ਦੂਰ ਦੇ ਪ੍ਰਵਾਰ ਨੂੰ 10 ਲੱਖ ਰੁਪਏ ਦੀ ਮਦਦ ਦੇਣ ਦੀ ਮੰਗ ਕੀਤੀ। 

ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਮਜ਼ਦੂਰਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਕੀ ਸਰਕਾਰ ਦਾ ਕੰਮ ਸਿਰਫ਼ ਬਿਆਨਬਾਜ਼ੀ ਕਰਨਾ ਰਹਿ ਗਿਆ ਹੈ? ਉਨ੍ਹਾਂ ਪੁਛਿਆ ਕਿ ਸੂਬੇ ਅੰਦਰ ਮਜ਼ਦੂਰਾਂ ਨੂੰ ਲਿਜਾਣ ਲਈ ਬਸਾਂ ਕਿਉਂ ਨਹੀਂ ਚਲਾਈਆਂ ਜਾ ਰਹੀਆਂ? ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਪੀਲ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਲਈ ਗਾਜ਼ਿਆਬਾਦ ਅਤੇ ਨੋਇਡਾ ਤੋਂ 1000 ਬੱਸਾਂ ਚਲਾਉਣ ਦੀ ਇਜਾਜ਼ਤ ਦਿਤੀ ਜਾਵੇ। 

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਔਰਈਆ ’ਚ ਸਨਿਚਰਵਾਰ ਸਵੇਰੇ ਹੋਏ ਸੜਕ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਪੀਲ ਕੀਤੀ ਕਿ ਉਹ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਲਈ ਜਾਰੀ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ।
ਉੱਤਰ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਸੂਬਾ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਸਿੰਘ ਲੱਲੂ ਨੇ ਕਿਹਾ ਕਿ ਯੂ.ਪੀ. ਸਰਕਾਰ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਅਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ, ‘‘ਉਹ ਸਾਰੀਆਂ ਬਸਾਂ ਕਿੱਥੇ ਗਈਆਂ ਜਿਨ੍ਹਾਂ ਬਾਰੇ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਲਗਾਇਆ ਗਿਆ ਹੈ? ਸਾਰਾ ਦੇਸ਼ ਇਹ ਵੇਖ ਰਿਹਾ ਹੈ।’’

ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੇ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਵਿਵਸਥਾ ਅਤੇ ਸਾਧਨ ਰਹਿੰਦਿਆਂ ਵੀ ਮਜ਼ਦੂਰਾਂ ਲਈ ਠੋਸ ਪ੍ਰਬੰਧ ਨਾ ਕੀਤੇ ਜਾਣੇ ਹੈਰਾਨੀਜਨਕ ਅਤੇ ਦੁਖਦਾਈ ਹੈ ਅਤੇ ਇਸ ਤੋਂ ਬਾਅਦ ਸਰਕਾਰ ਦਾ ਆਰਥਕ ਪੈਕੇਜ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਅਸੀਂ ਆਤਮਨਿਰਭਰ ਹੋਣ ਦੀ ਗੱਲ ਕਰ ਰਹੇ ਹਾਂ ਅਤੇ ਇਹ ਅੱਜ ਦੇ ਸਮੇਂ ’ਚ ਕਿਸੇ ਮਜ਼ਾਕ ਤੋਂ ਘੱਟ ਨਹੀਂ ਹੈ।    (ਪੀਟੀਆਈ)