ਚੀਨ ਦੇ ਦੋ ਹੈਲੀਕਾਪਟਰਾਂ ਵਲੋਂ ਭਾਰਤ 'ਚ ਘੁਸਪੈਠ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਹੌਲ-ਸਪਿਤੀ 'ਚ ਆ ਗਏ 12 ਕਿਲੋਮੀਟਰ ਅੰਦਰ

ਚੀਨ ਦੇ ਦੋ ਹੈਲੀਕਾਪਟਰਾਂ ਵਲੋਂ ਭਾਰਤ 'ਚ ਘੁਸਪੈਠ

ਸ਼ਿਮਲਾ, 17 ਮਈ : ਭਾਰਤ ਦੀ ਕੌਮਾਂਤਰੀ ਸਰਹੱਦ 'ਤੇ ਚੀਨ ਦੇ ਕਥਿਤ ਗ਼ਲਤ ਕੰਮ ਜਾਰੀ ਹਨ। ਹੁਣ ਨੇ ਹਿਮਾਚਲ ਪ੍ਰਦੇਸ਼ 'ਚ ਭਾਰਤੀ ਸਰਹੱਦ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ 'ਚ ਚੀਨ ਨਾਲ ਲੱਗੀ ਸਰਹੱਦ ਨੂੰ ਉਲੰਘ ਕੇ ਚੀਨ ਦੇ ਹੈਲੀਕਾਪਟਰ ਭਾਰਤ ਦੀ ਸਰਹੱਦ ਵਿਚ 12 ਕਿਲੋਮੀਟਰ ਤਕ ਅੰਦਰ ਆ ਗਏ।

ਹਿਮਾਚਲ ਪੁਲਿਸ ਮੁਤਾਬਕ ਮਈ ਦੇ ਪਹਿਲੇ ਹਫ਼ਤੇ ਅਤੇ ਅਪ੍ਰੈਲ ਦੇ ਆਖ਼ਰੀ ਹਫ਼ਤੇ ਦੌਰਾਨ ਚੀਨ ਦੇ ਹੈਲੀਕਾਪਟਰ ਭਾਰਤੀ ਸਰਹੱਦ ਅੰਦਰ ਆ ਵੜੇ ਸਨ। ਇਹ ਹੈਲੀਕਾਪਟਰ ਭਾਰਤੀ ਸਰਹੱਦ ਦੇ ਅੰਦਰ 12 ਕਿਲੋਮੀਟਰ ਤਕ ਆ ਗਏ ਸਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਇਸ ਬਾਰੇ ਇਕ ਅਲਰਟ ਮਿਲਟਰੀ ਇੰਟੈਲੀਜੈਂਸ,
ਆਈਬੀ ਅਤੇ ਆਈਟੀਬੀਪੀ ਨੂੰ ਭੇਜਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਇਕ-ਡੇਢ ਮਹੀਨੇ ਦੌਰਾਨ ਚੀਨ ਦੀ ਫ਼ੌਜ ਨੇ ਦੋ ਵਾਰ ਲਾਹੌਲ-ਸਪਿਤੀ ਇਲਾਕੇ ਵਿਚ ਘੁਸਪੈਠ ਕੀਤੀ ਹੈ।

ਹਿਮਾਚਲ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਚੀਨ ਦੇ ਹੈਲੀਕਾਪਟਰ ਲਾਹੌਲ-ਸਪਿਤੀ ਜ਼ਿਲ੍ਹੇ ਦੀ ਸਮਦੋਹ ਚੌਕੀ ਤੋਂ ਵੇਖੇ ਗਏ ਸਨ। ਇਹ ਹੈਲੀਕਾਪਟਰ ਕਾਫ਼ੀ ਹੇਠਾਂ ਆ ਕੇ ਉਡਾਣ ਭਰ ਰਹੇ ਸਨ। ਰਿਪੋਰਟ ਮੁਤਾਬਕ ਪਹਿਲੀ ਵਾਰ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਚੀਨੀ ਹੈਲੀਕਾਪਟਰ ਭਾਰਤੀ ਸੀਮਾ ਅੰਦਰ ਆ ਗਏ ਸਨ। ਇਸ ਤੋਂ ਬਾਅਦ ਮਈ ਮਹੀਨੇ ਦੇ ਪਹਿਲੇ ਹਫ਼ਤੇ ਵੀ ਇਹੋ ਜਿਹੀ ਘਟਨਾ ਦੁਬਾਰਾ ਵਾਪਰੀ।

ਉਹ ਹੈਲੀਕਾਪਟਰ ਭਾਰਤੀ ਸਰਹੱਦ ਅੰਦਰ 12 ਕਿਲੋਮੀਟਰ ਤਕ ਆ ਗਏ ਸਨ ਤੇ ਫਿਰ ਉਹ ਹੈਲੀਕਾਪਟਰ ਤਿੱਬਤ ਵਲ ਮੁੜ ਗਏ ਸਨ। ਲਾਹੌਲ-ਸਪਿਤੀ 'ਚ ਚੀਨ ਦੀ ਇਸ ਗ਼ਲਤ ਹਰਕਤ ਦਾ ਪਤਾ ਲੱਗਣ ਤੋਂ ਬਾਅਦ ਬਾਰਡਰ ਉੱਤੇ ਚੌਕਸੀ ਬਹੁਤ ਜ਼ਿਆਦਾ ਵਧਾ ਦਿਤੀ ਗਈ ਹੈ। ਆਈਟੀਬੀਪੀ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ ਤੇ ਚੀਨ ਦੀ ਪੋਸਟ ਉਤੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਉਤੇ ਉਨ੍ਹਾਂ ਦੀ ਚੌਕਸ ਨਜ਼ਰ ਹੈ। (ਏਜੰਸੀ)