ਖੱਟਰ ਦਾ ਵਿਰੋਧ ਕਰਨ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਚਡੂਨੀ ਨੇ ਆਈ.ਜੀ. ਦਫ਼ਤਰ ਦੀ ਕੀਤੀ ਘੇਰਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਸਰਕਾਰ ਕਾਨੂੰਨ ਵਾਪਸ ਨਹੀਂ ਕਰ ਰਹੀ ਅਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਜਾ ਰਿਹੈ’

protest against Khattar

ਹਿਸਾਰ : ਹਿਸਾਰ ਵਿਚ ਐਤਵਾਰ ਸ਼ਾਮ ਨੂੰ ਕਿਸਾਨ ਆਗੂਆਂ ’ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਇਹ ਲੋਕ ਸੜਕਾਂ ’ਤੇ ਉਤਰ ਆਏ। ਭਾਕਿਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਸੈਂਕੜੇ ਕਿਸਾਨਾਂ ਨਾਲ ਮਿਲ ਕੇ ਹਿਸਾਰ ਦੇ ਆਈਜੀ ਦਫ਼ਤਰ ਦਾ ਘਿਰਾਉ ਕੀਤਾ, ਜਦੋਂਕਿ ਪੂਰੇ ਰਾਜ ਵਿਚ ਹਾਈਵੇਅ ਜਾਮ ਕੀਤੇ ਗਏ। ਪਾਣੀਪਤ ਵਿਚ ਜੀ.ਟੀ. ਰੋਡ ਤੇ, ਜੀਂਦ ਵਿਚ ਜੀਂਦ-ਪਟਿਆਲਾ ਹਾਈਵੇਅ ਤੇ ਸਥਿਤ ਖਟਕੜ ਪਿੰਡ ਵਿਚ, ਕਰਨਾਲ ਵਿਚ ਕਰਨਾਲ-ਚੰਡੀਗੜ੍ਹ ਨੈਸਨਲ ਹਾਈਵੇ, ਕਰਨਾਲ-ਅਸੰਧ ਹਾਈਵੇ ਬੰਦ ਕਰ ਦਿਤੇ ਗਏ। ਇਸ ਨਾਲ ਹੀ ਹੋਰ ਜ਼ਿਲ੍ਹਿਆਂ ਵਿਚ ਜਾਮ ਲਗਾ ਦਿਤਾ ਗਿਆ।

ਐਤਵਾਰ ਸਵੇਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਿਸਾਰ ਦੇ ਓ ਪੀ ਜਿੰਦਲ ਮਾਡਰਨ ਸਕੂਲ ਵਿਖੇ ਸਥਾਪਤ ਕੀਤੇ 300 ਬੈੱਡਾਂ ਵਾਲੇ ਅਸਥਾਈ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ।

ਪਹਿਲਾਂ ਤੋਂ ਕੀਤੇ ਐਲਾਨ ਦੇ ਬਾਵਜੂਦ, ਕਦੋਂ ਮਨੋਹਰ ਲਾਲ ਹਿਸਾਰ ਪਹੁੰਚੇ ਅਤੇ ਉਦਘਾਟਨ ਕਰ ਕੇ ਚਲੇ ਗਏ ਕਿਸਾਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲਗਿਆ। ਬਾਅਦ ਵਿਚ ਹਿਸਾਰ ਦੇ ਜਿੰਦਲ ਚੌਕ ਵੱਲ ਵੱਖ-ਵੱਖ ਪਾਸਿਓਂ ਆ ਰਹੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਏ। ਦਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਪੁਲਿਸ ’ਤੇ ਪੱਥਰਬਾਜ਼ੀ ਕੀਤੀ। 

ਇੰਨਾ ਹੀ ਨਹੀਂ, ਉਨ੍ਹਾਂ ਨੇ ਹਿਸਾਰ ਵਿਚ ਇਕ ਡੀਐਸਪੀ ਨੂੰ ਵੀ ਕੁਟਿਆ।  ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਨਾਲ ਪ੍ਰਦਰਸ਼ਨਕਾਰੀਆਂ ਨੂੰ ਭਜਾਇਆ ਤਾਂ ਸਥਿਤੀ ਆਮ ਵਾਂਗ ਹੋ ਗਈ।

ਇਸ ਤੋਂ ਤੁਰਤ ਬਾਅਦ ਹੀ ਸੂਬੇ ’ਚ ਜਾਮ ਲਗਣੇ ਸ਼ੁਰੂ ਹੋ ਗਏ। ਕਿਸਾਨ ਸ਼ਾਮ 7 ਵਜੇ ਤਕ ਸੜਕ ’ਤੇ ਬੈਠੇ ਰਹੇ ਅਤੇ ਪੁਲਿਸ ਤੇ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕਰਦੇ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਾਨੂੰਨ ਵਾਪਸ ਨਹੀਂ ਕਰ ਰਹੀ ਅਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਇਹ ਕਿਸੇ ਵੀ ਕੀਮਤ ਤੇ ਕਿਸਾਨ ਬਰਦਾਸਤ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਪ੍ਰਦਰਸ਼ਨ ਹਿਸਾਰ ਵਿਚ ਹਾਲੇ ਜਾਰੀ ਹੈ।