ਹਰਿਆਣਾ ਸਰਕਾਰ ਝੁਕੀ, ਗ੍ਰਿਫ਼ਤਾਰ ਸਾਰੇ ਕਿਸਾਨ ਕੀਤੇ ਰਿਹਾਅ
ਕਿਸੇ ’ਤੇ ਕੋਈ ਕੇਸ ਦਰਜ ਨਹੀਂ ਹੋਵੇਗਾ, ਕਿਸਾਨ ਮੋਰਚੇ ਨੇ ਥਾਣੇ ਘੇਰਨ ਦਾ ਪ੍ਰੋਗਰਾਮ ਲਿਆ ਵਾਪਸ, ਜਾਮ ਕੀਤੇ ਮਾਰਗ ਵੀ ਖੋਲ੍ਹੇ
ਚੰਡੀਗੜ੍ਹ (ਭੁੱਲਰ) : ਹਰਿਆਣਾ ਦੇ ਹਿਸਾਰ ਵਿਚ ਮੁੱਖ ਮੰਤਰੀ ਖੱਟੜ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਪੁਲਿਸ ਵਲੋਂ ਲਾਠੀਚਾਰਜ, ਅੱਥਰੂ ਅਤੇ ਪੱਥਰਬਾਜ਼ੀ ਤੋਂ ਬਾਅਦ ਕਿਸਾਨਾਂ ਨੇ ਅਪਣੀ ਤਾਕਤ ਦਿਖਾਈ। ਇਸ ਪੁਲਿਸ ਤਸ਼ੱਦਦ ਵਿਚ ਦਰਜਨਾਂ ਕਿਸਾਨਾਂ ਨੂੰ ਡੂੰਘੀ ਸੱਟਾਂ ਲੱਗੀਆਂ ਸਨ।
ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ 2 ਘੰਟੇ ਤਕ ਹਰਿਆਣਾ ਦੇ ਸਾਰੇ ਰਾਜ ਮਾਰਗ ਜਾਮ ਕੀਤੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਡੂਨੀ, ਰਾਕੇਸ਼ ਟਿਕੈਤ, ਸੁਮਨ ਹੁੱਡਾ ਅਤੇ ਵਿਕਾਸ ਸੀਸਰ ਤੁਰਤ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ।
ਆਗੂਆਂ ਨੇ ਗ੍ਰਿਫ਼ਤਾਰ ਕੀਤੇ 85 ਕਿਸਾਨਾਂ ਨੂੰ ਰਿਹਾਅ ਕਰਨ ਅਤੇ ਕਿਸੇ ਵੀ ਕਿਸਾਨ ਵਿਰੁਧ ਮੁਕੱਦਮਾ ਨਾ ਕਰਨ ਦੀ ਮੰਗ ਕੀਤੀ, ਚਿਤਾਵਨੀ ਦਿਤੀ ਗਈ ਸੀ ਕਿ11 ਵਜੇ ਹਰਿਆਣਾ ਦੇ ਸਾਰੇ ਥਾਣਿਆਂ ਨੂੰ ਘੇਰਿਆ ਜਾਵੇਗਾ। ਕਿਸਾਨਾਂ ਨੇ ਹਿਸਾਰ ਪੁਲਿਸ ਦੇ ਆਈਜੀ ਨਿਵਾਸ ਅੱਗੇ ਰੋਸ ਪ੍ਰਦਰਸਨ ਕੀਤਾ।
ਕਿਸਾਨਾਂ ਦੀ ਤਰਫੋਂ, 10 ਮੈਂਬਰੀ ਵਫਦ ਦੀ ਅਗਵਾਈ ਗੁਰਨਾਮ ਸਿੰਘ ਚੜੂਨੀ, ਵਿਕਾਸ ਸੀਸਰ ਅਤੇ ਸੁਮਨ ਹੁੱਡਾ ਨੇ ਕੀਤੀ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਤੋਂ ਬਾਅਦ ਹਰਿਆਣਾ ਸਰਕਾਰ ਬੈਕਫੁੱਟ ‘ਤੇ ਆ ਗਈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ।
ਸਾਰੇ ਗ੍ਰਿਫਤਾਰ ਕੀਤੇ 85 ਕਿਸਾਨ, ਜਿਨ੍ਹਾਂ ਵਿਚ 65 ਮਰਦ ਕਿਸਾਨ ਅਤੇ 20 ਔਰਤਾਂ ਸਾਮਲ ਹਨ, ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਬੰਧਤ ਕਿਸੇ ਵੀ ਕਿਸਾਨ ‘ਤੇ ਕੋਈ ਪੁਲਿਸ ਕੇਸ ਦਰਜ ਨਹੀਂ ਕੀਤਾ ਜਾਵੇਗਾ। ਕਿਸਾਨਾਂ ਦੇ ਜ਼ਬਤ ਸਾਰੇ ਵਾਹਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ।