ਕੋਲਾ ਤਸਕਰੀ ਮਾਮਲੇ 'ਚ ਮਮਤਾ ਬੈਨਰਜੀ ਦੇ ਭਤੀਜੇ ਨੂੰ ਮਿਲੀ ਰਾਹਤ, SC ਨੇ ਗ੍ਰਿਫ਼ਤਾਰੀ 'ਤੇ ਲਗਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਂਚ ਦਿੱਲੀ ਦੀ ਬਜਾਏ ਕੋਲਕਾਤਾ 'ਚ ਹੋਵੇਗੀ

Abhishek Banerjee and his wife Rujira Banerjee

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿੱਚ ਕੋਲਾ ਤਸਕਰੀ ਦੇ ਇੱਕ ਮਾਮਲੇ ਵਿੱਚ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਰੁਜਿਰਾ ਬੈਨਰਜੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਈਡੀ ਨੂੰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਤੋਂ ਕੋਲਕਾਤਾ 'ਚ ਪੁੱਛਗਿੱਛ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਅੱਗੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਸਰਕਾਰੀ ਮਸ਼ੀਨਰੀ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਜਸਟਿਸ ਯੂਯੂ ਲਲਿਤ ਨੇ ਈਡੀ ਨੂੰ ਕਿਹਾ ਕਿ ਪੁੱਛਗਿੱਛ ਤੋਂ 24 ਘੰਟੇ ਪਹਿਲਾਂ ਦੋਵਾਂ ਨੂੰ ਨੋਟਿਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਅਭਿਸ਼ੇਕ ਨੂੰ ਕਿਹਾ ਕਿ ਜੇਕਰ ਪੁੱਛਗਿੱਛ ਲਈ ਬੁਲਾਇਆ ਜਾਵੇ ਤਾਂ ਟੀਐਮਸੀ ਵੱਲੋਂ ਕੋਈ ਤੋੜ-ਭੰਨ ਅਤੇ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਅਦਾਲਤ ਸੁਰੱਖਿਆ ਵਾਪਸ ਲੈ ਲਵੇਗੀ।

ਦੱਸਣਯੋਗ ਹੈ ਕਿ 22 ਮਾਰਚ ਨੂੰ ਈਡੀ ਨੇ ਅਭਿਸ਼ੇਕ ਬੈਨਰਜੀ ਅਤੇ ਰੁਜਿਰਾ ਬੈਨਰਜੀ ਵਿਰੁੱਧ ਜਾਂਚ ਦਾ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ। ਹਾਲਾਂਕਿ, ਉੱਥੇ ਵੀ ਉਸ ਨੂੰ ਰਾਹਤ ਨਹੀਂ ਮਿਲੀ। ਇਸ ਦੌਰਾਨ ਪੁੱਛਗਿੱਛ 'ਚ ਹਾਜ਼ਰ ਨਾ ਹੋਣ 'ਤੇ ਦੋਵਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਆਸਨਸੋਲ ਖੇਤਰ ਤੋਂ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਕੋਲੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਬੀਆਈ ਅਤੇ ਈਡੀ ਇਸ ਮਾਮਲੇ ਦੀ ਵੱਖਰੇ ਤੌਰ 'ਤੇ ਜਾਂਚ ਕਰ ਰਹੇ ਹਨ। ਈਸਟਰਨ ਕੋਲਡ ਫੀਲਡ ਨਾਲ ਜੁੜੇ ਅਨੂਪ ਮਾਂਝੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ।

ਈਡੀ ਦੇ ਅਧਿਕਾਰਤ ਸੂਤਰਾਂ ਅਨੁਸਾਰ ਲਿਪਸ ਐਂਡ ਬਾਉਂਡ ਪ੍ਰਾ. ਲਿਮ. ਅਤੇ ਲਿਪਸ ਐਂਡ ਮੈਨੇਜਮੈਂਟ ਨਾਮ ਦੀਆਂ ਦੋ ਕੰਪਨੀਆਂ ਨੂੰ ਕੋਲੇ ਦੀ ਤਸਕਰੀ ਦੇ 4.37 ਕਰੋੜ ਰੁਪਏ ਟਰਾਂਸਫਰ ਕੀਤੇ ਗਏ। ਇਹ ਕੰਪਨੀ ਅਭਿਸ਼ੇਕ ਦੀ ਪਤਨੀ ਰੁਜਿਰਾ ਦੇ ਨਾਂ 'ਤੇ ਹੈ, ਇਸ ਲਈ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।