Supreme Court News: ਕੇਜਰੀਵਾਲ ਨੂੰ ਅੰਤਰਮ ਜ਼ਮਾਨਤ ਦੇਣ ਬਾਰੇ ਕੋਈ ਅਪਵਾਦ ਨਹੀਂ, ‘ਆਲੋਚਨਾਤਮਕ ਵਿਸ਼ਲੇਸ਼ਣ’ ਦਾ ਸਵਾਗਤ: ਸੁਪ੍ਰੀਮ ਕੋਰਟ
ਕੇਜਰੀਵਾਲ ਨੂੰ 2 ਜੂਨ ਨੂੰ ਆਤਮਸਮਰਪਣ ਕਰਨਾ ਪਵੇਗਾ
Supreme Court News: ਸੁਪ੍ਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਲਈ ਅੰਤਰਿਮ ਜ਼ਮਾਨਤ ਦੇਣਾ ਕਿਸੇ ਲਈ ਅਪਵਾਦ ਨਹੀਂ ਹੈ ਅਤੇ ਇਸ ਫ਼ੈਸਲੇ ਦੇ ‘ਆਲੋਚਨਾਤਮਕ ਵਿਸ਼ਲੇਸ਼ਣ’ ਦਾ ਸਵਾਗਤ ਹੈ। ਬੈਂਚ ਨੇ ਕਿਹਾ, ‘‘ਅਸੀਂ ਕਿਸੇ ਲਈ ਅਪਵਾਦ ਵਜੋਂ ਕੱੁਝ ਨਹੀਂ ਕੀਤਾ। ਅਸੀਂ ਅਪਣੇ ਹੁਕਮ ’ਚ ਉਹੀ ਕਿਹਾ, ਜੋ ਸਾਨੂੰ ਜਾਇਜ਼ ਲੱਗਾ।’’ ਉਸ ਨੇ ਕਿਹਾ,‘‘ਸਾਡਾ ਹੁਕਮ ਇਸ ਬਾਰੇ ਬਿਲਕੁਲ ਸਪੱਸ਼ਟ ਹੈ ਕਿ ਉਨ੍ਹਾਂ ਨੇ ਕਦੋਂ ਆਤਮਸਮਰਪਣ ਕਰਨਾ ਹੈ। ਇਹ ਸੁਪ੍ਰੀਮ ਕੋਰਟ ਦਾ ਹੁਕਮ ਹੈ। ਕਾਨੂੰਨ ਦਾ ਸ਼ਾਸਨ ਇਸ ਹੁਕਮ ਨਾਲ ਚੱਲੇਗਾ।’’
ਈ. ਡੀ. ਵਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਅਪਣੇ ਦਾਅਵਿਆਂ ਨਾਲ ਜ਼ਮਾਨਤ ਦੀ ਸ਼ਰਤ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ, ‘‘ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ? ਇਹ ਸੰਸਥਾ ’ਤੇ ਥੱਪੜ ਵਾਂਗ ਹੈ।’’ ਜਸਟਿਸ ਖੰਨਾ ਨੇ ਕਿਹਾ ਕਿ ਅਦਾਲਤ ਦਾ ਹੁਕਮ ਸਪੱਸ਼ਟ ਹੈ ਕਿ ਉਨ੍ਹਾਂ ਨੂੰ 2 ਜੂਨ ਨੂੰ ਆਤਮਸਮਰਪਣ ਕਰਨਾ ਪਵੇਗਾ।
ਬੈਂਚ ਨੇ ਕਿਹਾ,‘‘ਅਸੀਂ ਹੁਕਮ ’ਚ ਅਜਿਹਾ ਕੁਝ ਨਹੀਂ ਕਿਹਾ ਕਿ ਉਹ ਮਾਮਲੇ ਬਾਰੇ ਨਹੀਂ ਬੋਲ ਸਕਦੇ।’’ ਕੇਜਰੀਵਾਲ ਵਲੋਂ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਾਰਵਾਈ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲਏ ਬਿਨਾਂ ਉਨ੍ਹਾਂ ਦੀ ਇਕ ਇੰਟਰਵਿਊ ਦਾ ਹਵਾਲਾ ਦਿਤਾ, ਜਿਸ ’ਚ ਸ਼ਾਹ ਨੇ ਕਿਹਾ ਸੀ ਕਿ ਕਈ ਲੋਕਾਂ ਨੂੰ ਲਗਦਾ ਹੈ ਕਿ ਅਦਾਲਤ ਨੇ ਕੇਜਰੀਵਾਲ ਨਾਲ ਵਿਸ਼ੇਸ਼ ਰੁਖ਼ ਅਪਣਾਇਆ ਹੈ।
ਉੱਥੇ ਹੀ, ਕੇਜਰੀਵਾਲ ਦੇ ਭਾਸ਼ਣ ’ਤੇ ਈ. ਡੀ. ਨੇ ਇਤਰਾਜ ਪ੍ਰਗਟਾਇਆ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਕੇਜਰੀਵਾਲ ਨੂੰ ਦਿਤੀ ਅੰਤਰਮ ਜ਼ਮਾਨਤ ਸਬੰਧੀ ਦਿਤੇ ਗਏ ਕੱੁਝ ਬਿਆਨਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੇ ਕੇਜਰੀਵਾਲ ਦੇ ਵਕੀਲਾਂ ਦੇ ਦਾਅਵਿਆਂ ਤੇ ਜਵਾਬੀ ਦਾਅਵਿਆਂ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿਤਾ। ਈ.ਡੀ. ਵਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਚੋਣ ਰੈਲੀਆਂ ’ਚ ਦਿਤੇ ਕੇਜਰੀਵਾਲ ਦੇ ਭਾਸ਼ਣਾਂ ’ਤੇ ਇਤਰਾਜ਼ ਪ੍ਰਗਟਾਇਆ ਕਿ ਜੇਕਰ ਜਨਤਾ ਆਮ ਆਦਮੀ ਪਾਰਟੀ ਨੂੰ ਵੋਟ ਦਿੰਦੀ ਹੈ ਤਾਂ ਉਨ੍ਹਾਂ ਨੂੰ 2 ਜੂਨ ਨੂੰ ਜੇਲ ਵਾਪਸ ਨਹੀਂ ਜਾਣਾ ਪਵੇਗਾ। ਬੈਂਚ ਨੇ ਮਹਿਤਾ ਨੂੰ ਕਿਹਾ, ‘‘ਇਹ ਉਨ੍ਹਾਂ ਦਾ ਮੰਨਣਾ ਹੈ। ਅਸੀਂ ਕੁਝ ਨਹੀਂ ਕਹਿ ਸਕਦੇ।’’
(For more Punjabi news apart from SC says no exception made in granting interim bail to Kejriwal, stay tuned to Rozana Spokesman)