ਆਈਏਐਸ ਅਧਿਕਾਰੀਆਂ ਵਲੋਂ ਕੇਜਰੀਵਾਲ 'ਤੇ ਰਾਜਨੀਤੀ ਕਰਨ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਹੇ ਗੱਲ ਕੈਬਨਿਟ ਮੀਟਿੰਗ ਦੀ ਹੋਵੇ ਜਾਂ ਫਿਰ ਬਜਟ ਮੀਟਿੰਗ ਦੀ, ਸਾਡੇ ਅਧਿਕਾਰੀ ਹਰ ਜਗ੍ਹਾ ਹਾਜ਼ਰ ਸਨ।

Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਸਰਕਾਰ ਦੇ ਆਈਏਐਸ ਅਧਿਕਾਰੀ ਦੇ ਹੜਤਾਲ 'ਤੇ ਹੋਣ ਦੀ ਗੱਲ ਨੂੰ ਆਈਏਐਸ ਐਸੋਸੀਏਸ਼ਨ ਨੇ ਝੂਠਾ ਕਰਾਰ ਦਿਤਾ ਹੈ। ਐਤਵਾਰ ਨੂੰ ਦਿੱਲੀ ਦੇ ਆਈਏਐਸ ਅਧਿਕਾਰੀਆਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਕੇਜਰੀਵਾਲ ਦੇ ਸਾਰੇ ਦਾਅਵਿਆਂ ਨੂੰ ਗ਼ਲਤ ਕਰਾਰ ਦਿਤਾ ਹੈ। ਆਈਏਐਸ ਐਸੋਸੀਏਸ਼ਨ ਦੀ ਮਨੀਸ਼ਾ ਸਕਸੈਨਾ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਅਧਿਕਾਰੀਆਂ ਦੇ ਨਾਮ 'ਤੇ ਰਾਜਨੀਤੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੋਈ ਵੀ ਆਈਏਐਸ ਅਧਿਕਾਰੀ ਹੜਤਾਲ 'ਤੇ ਨਹੀਂ ਹਨ। ਅਸੀਂ ਸਰਕਾਰ ਦੇ ਨਾਲ ਹਰ ਮੀਟਿੰਗ ਵਿਚ ਹਿੱਸਾ ਲੈ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਸੋਸ਼ਣ ਕੀਤਾ ਜਾ ਰਿਹਾ ਹੈ। ਮਨੀਸ਼ਾ ਸਕਸੈਨਾ ਨੇ ਕਿਹਾ ਕਿ ਅਸੀਂ ਹਰ ਪੱਧਰ 'ਤੇ ਸਰਕਾਰ ਦਾ ਸਹਿਯੋਗ ਕਰ ਰਹੇ ਹਾਂ। ਅਜਿਹਾ ਨਹੀਂ ਹੁੰਦਾ ਤਾਂ ਚੀਫ਼ ਸਕੱਤਰ ਰਾਤ ਨੂੰ 12 ਵਜੇ ਮੁੱਖ ਮੰਤਰੀ ਕੇਜਰੀਵਾਲ ਦੇ ਸੱਦੇ 'ਤੇ ਉਨ੍ਹਾਂ ਨਾਲ ਮੀਟਿੰਗ ਕਰਨ ਨਾ ਜਾਂਦੇ। ਇਸ ਲਈ ਅਜਿਹਾ ਕਹਿਣਾ ਗ਼ਲਤ ਹੈ ਕਿ ਦਿੱਲੀ ਸਰਕਾਰ ਦੇ ਲਈ ਕੰਮ ਕਰਨ ਵਾਲੇ ਆਈਏਐਸ ਅਧਿਕਾਰੀ ਸਰਕਾਰ ਦਾ ਸਹਿਯੋਗ ਨਹੀਂ ਕਰ ਰਹੇ।

ਚਾਹੇ ਗੱਲ ਕੈਬਨਿਟ ਮੀਟਿੰਗ ਦੀ ਹੋਵੇ ਜਾਂ ਫਿਰ ਬਜਟ ਮੀਟਿੰਗ ਦੀ, ਸਾਡੇ ਅਧਿਕਾਰੀ ਹਰ ਜਗ੍ਹਾ ਹਾਜ਼ਰ ਸਨ। ਅਰਵਿੰਦ ਕੇਜਰੀਵਾਲ ਪਿਤਲੇ ਸੱਤ ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਉਦੋਂ ਤਕ ਨਹੀਂ ਜਾਵਾਂਗੇ ਜਦੋਂ ਤਕ ਐਲਜੀ ਸਾਬ੍ਹ ਆਈਏਐਸ ਅਧਿਕਾਰੀਆਂ ਨੂੰ ਮੇਰੀ ਸਰਕਾਰ ਦੇ ਨਾਲ ਫਿਰ ਸਹਿਯੋਗ ਸ਼ੁਰੂ ਕਰਨ ਦਾ ਨਿਰਦੇਸ਼ ਨਹੀਂ ਦਿੰਦੇ। 

ਤਿੰਨ ਮਹੀਨੇ ਤੋਂ ਉਹ ਸਾਡੇ ਦੁਆਰਾ ਸੱਦੀਆਂ ਗਈਆਂ ਮੀਟਿੰਗਾਂ ਵਿਚ ਆਉਣ ਤੋਂ ਇਨਕਾਰ ਕਰ ਰਹੇ ਹਨ ਅਤੇ ਕਿਸੇ ਵੀ ਨਿਰਦੇਸ਼ ਦਾ ਪਾਲਣ ਕਰਨ ਤੋਂ ਵੀ। ਕੀ ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਆਈਏਐਸ ਅਧਿਕਾਰੀਆਂ ਦੇ ਕੰਮ ਕਰਨਾ ਛੱਡ ਦੇਣ ਦੇ ਬਾਰੇ ਵਿਚ ਸੁਣਿਆ ਹੈ? ਇਨ੍ਹਾਂ ਸਾਰਿਆਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕੀਤਾ, ਮੈਨੂੰ ਨਹੀਂ ਲਗਦਾ ਕਿ ਮਾਣਯੋਗ ਉਪ ਰਾਜਪਾਲ ਨੇ ਖ਼ੁਦ ਇਹ ਫ਼ੈਸਲਾ ਲਿਆ ਹੋਵੇਗਾ। 

ਸਾਫ਼ ਹੈ ਕਿ ਪੀਐਮਓ ਨੇ ਉਨ੍ਹਾਂ ਨੂੰ ਇਜਾਜ਼ਤ ਨਾ ਦੇਣ ਦੇ ਨਿਰਦੇਸ਼ ਦਿਤੇ ਹੋਣਗੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਈਏਐਸ ਪੀਐਮਓ ਨੇ ਕਰਵਾਈ ਹੈ। ਉਥੇ ਉਨ੍ਹਾਂ ਦੂਜਾ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਲਿਖਿਆ ਕਿ ਅਸੀਂ ਇਕ ਲੋਕਤੰਤਰ ਵਿਚ ਰਹਿੰਦੇ ਹਾਂ। ਕੀ ਪੀਐਮ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕਣਗੇ? ਰਾਜਭਵਨ ਕਿਸੇ ਦੀ ਵਿਅਕਤੀਗਤ ਸੰਪਤੀ ਨਹੀਂ ਹੈ। ਇਹ ਭਾਰਤ ਦੀ ਜਨਤਾ ਦਾ ਹੈ। 

ਦਿੱਲੀ ਵਿਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਟਵੀਟ ਕੀਤਾ ਕਿ ਆਖ਼ਰ ਕਿਵੇਂ ਪੀਐਮਓ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕ ਸਕਦੇ ਹਨ। ਕੀ ਇਹ ਦਿੱਲੀ ਵਿਚ ਅਣਐਲਾਨੀ ਐਮਰਜੈਂਸੀ ਹੈ? ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਨਿਲ ਬੈਜਲ ਨੇ ਯਸ਼ਵੰਤ ਸਿਨ੍ਹਾ, ਸੰਜੇ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਸੀ। ਇਸ ਤੋਂ ਇਲਾਵਾ ਕੇਜਰੀਵਾਲ ਦੀ ਪਤਨੀ, ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦੀ ਮਾਂ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ।