ਇਕ ਦੋਸ਼ੀ ਦੀ ਮਾਂ ਨੇ ਅਪਣੇ ਪੁੱਤਰ ਲਈ ਤਰਸ ਦੇ ਆਧਾਰ 'ਤੇ ਮੌਤ ਦੀ ਕੀਤੀ ਮੰਗ
ਰਾਜੀਵ ਗਾਂਧੀ ਕਤਲ ਕਾਂਡ ਦੇ ਸੱਤ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਾਮਿਲਨਾਡੂ ਸਰਕਾਰ ਦੀ ਅਪੀਲ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ .....
ਚੇਨਈ : ਰਾਜੀਵ ਗਾਂਧੀ ਕਤਲ ਕਾਂਡ ਦੇ ਸੱਤ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਾਮਿਲਨਾਡੂ ਸਰਕਾਰ ਦੀ ਅਪੀਲ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਕਥਿਤ ਤੌਰ 'ਤੇ ਖ਼ਾਰਜ ਕੀਤੇ ਜਾਣ ਮਗਰੋਂ ਇਕ ਦੋਸ਼ੀ ਵਿਅਕਤੀ ਦੀ ਮਾਂ ਨੇ ਅਪਣੇ ਪੁੱਤਰ ਲਈ 'ਤਰਸ ਦੇ ਆਧਾਰ 'ਤੇ ਮੌਤ' ਦੀ ਮੰਗ ਕੀਤੀ ਹੈ। ਏ.ਜੀ. ਪੇਰਾਰੀਵਲਨ ਦੀ ਮਾਂ ਅਯਪੁਥੱਮਲ ਨੇ ਵੇਲੋਰ ਜ਼ਿਲ੍ਹੇ 'ਚ ਪੱਤਰਕਾਰਾਂ ਨੂੰ ਕਿਹਾ, ''ਲੰਮੀ ਕਾਨੂੰਨੀ ਲੜਾਈ ਅਤੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਹੁਣ ਅਸੀ ਨਿਰਾਸ਼ ਹੋ ਗਏ ਹਾਂ।'' ਉਨ੍ਹਾਂ ਕਿਹਾ, ''ਹੁਣ ਅਸੀਂ ਹੋਰ ਜੀਣਾ ਨਹੀਂ ਚਾਹੁੰਦੇ। ਮੈਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਹ ਅਪੀਲ ਕਰਨ ਦੀ ਯੋਜਨਾ ਬਣਾ ਰਹੀ ਹਾਂ ਕਿ ਸਾਨੂੰ ਮਾਰ ਦਿਤਾ ਜਾਵੇ।
ਕ੍ਰਿਪਾ ਕਰ ਕੇ ਮੇਰੇ ਪੁੱਤਰ ਨੂੰ ਤਰਸ ਦੇ ਆਧਾਰ 'ਤੇ ਮੋਤ ਦਿਤੀ ਜਾਵੇ।'' ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ ਕਤਲ ਮਾਮਲੇ 'ਚ ਸੱੱਤ ਦੋਸ਼ੀ ਮੁਰੂਗਨ, ਪੇਰਾਰੀਵਲਨ, ਸੰਤਨ, ਜੈਕੁਮਾਰ, ਰਾਬਰਟ ਪਾਇਸ, ਰਵੀਚੰਦਰਨ ਅਤੇ ਨਲਿਨੀ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ 'ਚ ਕੈਦ ਹਨ। ਜ਼ਿਕਰਯੋਗ ਹੈ ਕਿ ਪੇਰਾਰੀਵਲਨ ਨੇ ਦੋ ਬੈਟਰੀਆਂ ਖ਼ਰੀਦੀਆਂ ਸਨ ਜਿਨ੍ਹਾਂ ਦਾ ਪ੍ਰਯੋਗ ਮਈ 1991 'ਚ ਇਕ ਚੋਣ ਰੈਲੀ 'ਚ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ 'ਚ ਕੀਤਾ ਗਿਆ ਸੀ। (ਪੀਟੀਆਈ)