ਘੱਟੋ-ਘੱਟ ਇਕ ਸਾਲ ਬਾਅਦ ਬਣ ਸਕੇਗਾ ਕੋਵਿਡ-19 ਦਾ ਟੀਕਾ : ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਲਾਗ ਦਾ ਇਲਾਜ ਲੱਭਣ ਲਈ ਪੂਰੀ ਦੁਨੀਆਂ ਵਿਚ ਚੱਲ ਰਹੀਆਂ

Covid 19

ਨਵੀਂ ਦਿੱਲੀ, 16 ਜੂਨ : ਕੋਰੋਨਾ ਵਾਇਰਸ ਲਾਗ ਦਾ ਇਲਾਜ ਲੱਭਣ ਲਈ ਪੂਰੀ ਦੁਨੀਆਂ ਵਿਚ ਚੱਲ ਰਹੀਆਂ ਖੋਜਾਂ ਵਿਚਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਵਿਡ-19 ਬੀਮਾਰੀ ਤੋਂ ਬਚਾਅ ਲਈ ਟੀਕਾ ਵਿਕਸਤ ਕਰਨ ਵਿਚ ਘੱਟੋ ਘੱਟ ਇਕ ਸਾਲ ਲੱਗ ਸਕਦਾ ਹੈ ਹਾਲਾਂਕਿ ਵਿਗਿਆਨੀਆਂ ਨੇ ਉਮੀਦ ਪ੍ਰਗਟ ਕੀਤੀ ਕਿ ਜੇ ਪਰਖ, ਮਨਜ਼ੂਰੀ ਅਤੇ ਟੀਕਿਆਂ ਦੇ ਉਤਪਾਦਨ ਦਾ ਪੈਮਾਨਾ ਵਧਾਉਣ ਦੀ ਕਵਾਇਦ ਨਾਲੋ ਨਾਲ ਹੁੰਦੀ ਹੈ ਤਾਂ ਕੁੱਝ ਮਹੀਨੇ ਪਹਿਲਾਂ ਵੀ ਟੀਕਾ ਉਪਲਭਧ ਹੋ ਸਕਦਾ ਹੈ।

ਸੰਸਾਰ ਸਿਹਤ ਸੰਸਥਾ ਮੁਤਾਬਕ ਕੋਵਿਡ-19 ਦੇ 10 ਸੰਭਾਵੀ ਟੀਕਿਆਂ ਦਾ ਲੋਕਾਂ 'ਤੇ ਤਜਰਬਾ ਕਰ ਕੇ ਅਧਿਐਨ ਕੀਤਾ ਜਾ ਰਿਹਾ ਹੈ ਅਤੇ 126 ਟੀਕੇ ਫ਼ਿਲਹਾਲ ਪਹਿਲੇ ਪੜਾਅ ਵਿਚ ਹਨ ਯਾਨੀ ਅਧਿਐਨ ਕੀਤੇ ਜਾ ਰਹੇ ਹਨ। ਐਂਟੀਬਾਡੀ ਸਾਇੰਸ ਦੇ ਮਾਹਰ ਸਤਿਆਜੀ ਰਥ ਨੇ ਕਿਹਾ ਕਿ ਦੁਨੀਆਂ ਭਰ ਵਿਚ ਵੱਖ ਵੱਖ ਰਣਨੀਤੀਆਂ ਨਾਲ ਸਾਰਸ ਸੀਓਵੀ-2 ਦੇ ਟੀਕੇ ਵਿਕਸਤ ਕੀਤੇ ਜਾ ਰਹੇ ਹਨ। ਨਵੀਂ ਦਿੱਲੀ ਦੇ ਪ੍ਰਤੀਰਖਿਆ ਵਿਗਿਆਨ ਸੰਸਥਾ ਦੇ ਵਿਗਿਆਨੀ ਰਥ ਨੇ ਕਿਹਾ ਕਿ ਇਹ ਉਘੀਆਂ ਰਣਨੀਤੀਆਂ ਹਨ ਜਿਨ੍ਹਾਂ ਵਿਚੋਂ ਕੁੱਝ ਲਗਭਗ ਦੋ ਸਦੀ ਪੁਰਾਣੀਆਂ ਅਤੇ ਕੁੱਝ ਲਗਭਗ ਦੋ ਦਹਾਕੇ ਪੁਰਾਣੀਆਂ ਹਨ ਪਰ ਕਿਸੇ  ਬਾਰੇ ਵੀ ਇਸ ਗਾਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਦੇ ਸਾਰਥਕ ਨਤੀਜੇ ਨਿਕਲਣਗੇ।

ਅਮਰੀਕਾ ਵਿਚ ਮੈਰੀਲੈਂਡ ਯੂਨੀਵਰਸਿਟੀ ਦੇ ਮਨੁੱਖੀ ਵਿਸ਼ਾਣੂ ਵਿਗਿਆਨ ਸੰਥਾ ਦੇ ਨਿਰਦੇਸ਼ਕ ਰਾਬਰਟ ਗਾਲੋ ਨੇ ਕਿਹਾ, 'ਲੋਕਾਂ ਨੂੰ ਸੰਭਾਵੀ ਟੀਕੇ ਅਤੇ ਟੀਕੇ ਵਿਚਲੇ ਫ਼ਰਕ ਸਮਝ ਨਹੀਂ ਆ ਰਿਹਾ ਅਤੇ ਵਿਗਿਆਨੀ ਤੇ ਨੇਤਾ ਇਸ ਦੁਚਿੱਤੀ ਨੂੰ ਵਧਾ ਰਹੇ ਹਨ।' ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਡਿਜੀਟਲ ਬੈਠਕ ਵਿਚ ਅਮਰੀਕਾ ਵਿਚ ਵੱਖ ਵੱਖ ਸੰਸਥਾਵਾਂ ਦੇ ਵਿਗਿਆਨੀਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ 2021 ਤਕ ਕੋਵਿਡ-19 ਦਾ ਟੀਕਾ ਵਿਕਸਤ ਨਹੀਂ ਹੋ ਸਕੇਗਾ। ਇਸ ਬੈਠਕ ਵਿਚ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਡੇਵਿਸ ਦੇ ਕੁਲਪਤੀ ਗੈਰੀ ਐਸ ਮੇ ਨੇ ਪੁਛਿਆ ਸੀ, 'ਟੀਕਾ ਬਣਨ ਤਕ ਜਨ ਜੀਵਨ ਪੂਰੀ ਤਰ੍ਹਾਂ ਪਟੜੀ 'ਤੇ ਮੁੜਨ ਦੀ ਉਮੀਦ ਨਹੀਂ ਹੈ ਪਰ ਇਹ ਕਦੋਂ ਤਕ ਹੋ ਸਕੇਗਾ? ਇਕ ਸਵਾਲ ਦੇ ਜਵਾਬ ਵਿਚ ਸਾਰਿਆਂ ਨੇ ਸਰਬਸੰਮਤੀ ਨਾਲ ਕਿਹਾ ਸੀ ਕਿ ਇਕ ਸਾਲ ਜਾਂ ਇਸ ਤੋਂ ਵੀ ਜ਼ਿਆਦਾ।