ਸਾਡੇ ਫ਼ੌਜੀ ਅਧਿਕਾਰੀ ਅਤੇ ਫ਼ੌਜੀ ਕਿਵੇਂ ਅਤੇ ਕਿਹੜੀਆਂ ਹਾਲਤਾਂ ਵਿਚ ਸ਼ਹੀਦ ਹੋਏ ? : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਵਿਰੋਧੀ ਪਾਰਟੀਆਂ ਅਤੇ ਲੋਕਾਂ ਨੂੰ ਭਰੋਸੇ ਵਿਚ ਲਵੇ : ਸ਼ਰਮਾ

Anand Sharma

ਨਵੀਂ ਦਿੱਲੀ, 16 ਜੂਨ : ਕਾਂਗਰਸ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਦੇਸ਼ ਨੂੰ ਵਿਸ਼ਵਾਸ ਵਿਚ ਲਵੇ ਅਤੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਜ਼ਮੀਨੀ ਹਾਲਾਤ ਬਾਰੇ ਜਾਣਕਾਰੀ ਦਿਤੀ ਜਾਵੇ। ਪਾਰਟੀ ਦੇ ਆਗੂ ਆਨੰਦ ਸ਼ਰਮਾ ਨੇ ਕਿਹਾ, ‘ਇਹ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਦਾ ਕੌਮੀ ਸੁਰੱਖਿਆ ਬਾਰੇ ਗੰਭੀਰ ਅਸਰ ਪੈਂਦਾ ਹੈ। ਸਰਕਾਰ ਨੂੰ ਫ਼ੌਰੀ ਤੌਰ ’ਤੇ ਦੇਸ਼ ਨੂੰ ਵਿਸ਼ਵਾਸ ਵਿਚ ਲੈਣਾ ਚਾਹੀਦਾ ਹੈ।’

ਉਨ੍ਹਾਂ ਕਿਹਾ, ‘ਸੰਸਦੀ ਜਮਹੂਰੀਅਤ ਵਿਚ ਸਰਕਾਰ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਜਸੀ ਪਾਰਟੀਆਂ ਨੂੰ ਜ਼ਮੀਨੀ ਹਾਲਤ ਬਾਰੇ ਜਾਣਕਾਰੀ ਦੇਵੇ।’ ਪਾਰਟੀ ਆਗੂ ਰਣਦੀਪ ਸੁਰਜੇਵਾਲਾ ਨੇ ਪੁਛਿਆ, ‘ਕੀ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ ਇਸ ਗੱਲ ਬਾਰੇ ਦੇਸ਼ ਨੂੰ ਵਿਸ਼ਵਾਸ ਵਿਚ ਲੈਣਗੇ ਕਿ ਸਾਡੇ ਅਧਿਕਾਰੀ ਅਤੇ ਫ਼ੌਜੀ ਅਜਿਹੇ ਸਮੇਂ ਕਿਵੇਂ ਸ਼ਹੀਦ ਹੋ ਸਕਦੇ ਹਨ ਜਦਕਿ ਚੀਨੀ ਫ਼ੌਜ ਗਲਵਾਨ ਘਾਟੀ ਦੇ ਸਾਡੇ ਖੇਤਰ ਤੋਂ ਕਬਜ਼ਾ ਛੱਡ ਕੇ ਕਥਿਤ ਰੂਪ ਵਿਚ ਵਾਪਸ ਜਾ ਚੁਕੇ ਹਨ। ਕੇਂਦਰ ਸਰਕਾਰ ਦੱਸੇ ਕਿ ਸਾਡੇ ਫ਼ੌਜੀ ਅਧਿਕਾਰੀ ਅਤੇ ਫ਼ੌਜੀ ਕਿਵੇਂ ਅਤੇ ਕਿਹੜੀਆਂ ਹਾਲਤਾਂ ਵਿਚ ਸ਼ਹੀਦ ਹੋਏ? ਕਾਂਗਰਸ ਨੇ ਲਦਾਖ਼ ਦੀ ਘਟਨਾ ਬਾਰੇ ਕਿਹਾ ਕਿ ਇਹ ਪ੍ਰਵਾਨਯੋਗ ਨਹੀਂ। ਉਨ੍ਹਾਂ ਕਿਹਾ  ‘ਇਹ ਹੈਰਾਨ ਕਰਨ ਵਾਲਾ, ਅਵਿਸ਼ਵਾਸਯੋਗ ਅਤੇ ਨਾਪ੍ਰਵਾਨਯੋਗ ਹੈ। ਕੀ ਰਖਿਆ ਮੰਤਰੀ ਇਸ ਦੀ ਪੁਸ਼ਟੀ ਕਰਨਗੇ।’