ਚੀਨੀ ਫ਼ੌਜੀਆਂ ਨਾਲ ਝੜਪ ਵਿਚ ਭਾਰਤੀ ਫ਼ੌਜ ਦੇ ਅਧਿਕਾਰੀ ਸਮੇਤ 20 ਫ਼ੌਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏ.ਐਨ.ਆਈ. ਅਨੁਸਾਰ 43 ਚੀਨੀ ਫ਼ੌਜੀ ਵੀ ਮਾਰੇ ਗਏ, ਚੀਨੀਆਂ ਨੇ ਕੀਤਾ ਪਥਰਾਅ

File

ਨਵੀਂ ਦਿੱਲੀ: ਲਦਾਖ਼ ਦੀ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਚੀਨੀ ਫ਼ੌਜੀਆਂ ਨਾਲ ਹੋਈ 'ਹਿੰਸਕ ਝੜਪ' ਦੌਰਾਨ ਭਾਰਤੀ ਫ਼ੌਜ ਦੇ ਅਧਿਕਾਰੀ ਸਮੇਤ 20 ਫ਼ੌਜੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਝੜਪ ਵਿਚ ਚੀਨੀ ਫ਼ੌਜ ਦੇ 43 ਜਵਾਨ ਵੀ ਮਾਰੇ ਗਏ ਜਾਂ ਜ਼ਖ਼ਮੀ ਹੋਏ। ਚੀਨ ਦੀ ਸਰਹੱਦ 'ਤੇ ਲਗਭਗ 45 ਸਾਲਾਂ ਮਗਰੋਂ, ਭਾਰਤੀ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਇਸ ਤਰ੍ਹਾਂ ਸ਼ਹਾਦਤ ਦੀ ਇਹ ਪਹਿਲੀ ਘਟਨਾ ਹੈ। ਫ਼ੌਜ ਨੇ ਦਸਿਆ ਕਿ ਹਿੰਸਕ ਟਕਰਾਅ ਦੌਰਾਨ ਇਕ ਅਧਿਕਾਰੀ (ਕਰਨਲ) ਅਤੇ ਦੋ ਜਵਾਨ ਸ਼ਹੀਦ ਹੋਏ ਜਦਕਿ ਚੀਨ ਦਾ ਵੀ ਨੁਕਸਾਨ ਹੋਇਆ ਹੈ। ਫ਼ੌਜ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਸ ਤੋਂ ਪਹਿਲਾਂ 1975 ਵਿਚ ਅਰੁਣਾਚਲ ਪ੍ਰਦੇਸ਼ ਵਿਚ ਤੁਲੁੰਗ ਲਾ ਵਿਚ ਹੋਏ ਸੰਘਰਸ਼ ਵਿਚ ਚਾਰ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਦੋਹਾਂ ਪਾਸੇ ਕੋਈ ਗੋਲੀਬਾਰੀ ਨਹੀਂ ਹੋਈ। ਫ਼ੌਜ ਦੇ ਬਿਆਨ ਮੁਤਾਬਕ ਗਲਵਾਨ ਘਾਟੀ ਵਿਚ ਤਣਾਅ ਘਟਾਉਣ ਦੀ ਕਵਾਇਦ ਦੌਰਾਨ ਸੋਮਵਾਰ ਰਾਤ ਹਿੰਸਕ ਟਕਰਾਅ ਹੋ ਗਿਆ ਜਿਸ ਦੌਰਾਨ ਭਾਰਤੀ ਫ਼ੌਜ ਦਾ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ।' ਦਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਸ਼ਹੀਦ ਹੋਇਆ ਅਧਿਕਾਰੀ ਗਲਵਾਨ ਵਿਚ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਸਾਰੇ ਤਿੰਨੇ ਚੀਨ ਦੁਆਰਾ ਕੀਤੇ ਗਏ ਪਥਰਾਅ ਵਿਚ ਜ਼ਖ਼ਮੀ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਬਿਪਿਨ ਰਾਵਤ ਅਤੇ ਤਿੰਨਾਂ ਫ਼ੌਜਾਂ ਦੇ ਮੁਖੀਆਂ ਨਾਲ ਪੂਰਬੀ ਲਦਾਖ਼ ਵਿਚ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ। ਬੈਠਕ ਵਿਚ ਵਿਦੇਸ਼ੀ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ।  ਸੂਤਰਾਂ ਨੇ ਕਿਹਾ ਕਿ ਫ਼ੌਜ ਮੁਖੀ ਜਨਰਲ ਐਮ ਐਮ ਨਰਵਣੇ ਦਾ ਦਿੱਲੀ ਤੋਂ ਬਾਹਰ ਬੇਸ ਦਾ ਦੌਰਾ ਰੱਦ ਕਰ ਦਿਤਾ ਗਿਆ ਹੈ। ਚੀਨ ਦੇ ਸਰਕਾਰੀ ਅਖ਼ਬਾਰ ਵਿਚ ਦਾਅਵਾ ਕੀਤਾ ਗਿਆ ਕਿ ਭਾਰਤੀ ਫ਼ੌਜੀਆਂ ਨੇ ਝੜਪ ਦੀ ਸ਼ੁਰੂਆਤ ਕੀਤੀ। ਉਹ ਚੀਨੀ ਇਲਾਕੇ ਵਿਚ ਵੜ ਗਏ ਅਤੇ ਚੀਨ ਦੇ ਫ਼ੌਜੀਆਂ 'ਤੇ ਹਮਲਾ ਕਰ ਦਿਤਾ।

ਬੀਤੇ ਪੰਜ ਹਫ਼ਤਿਆਂ ਤੋਂ ਗਲਵਾਨ ਘਾਟੀ ਸਣੇ ਪੂਰਬੀ ਲਦਾਖ਼ ਦੇ ਕਈ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਭਾਰਤੀ ਅਤੇ ਚੀਨੀ ਫ਼ੌਜੀ ਆਹਮੋ-ਸਾਹਮਣੇ ਹਨ। ਇਹ ਘਟਨਾ ਭਾਰਤੀ ਫ਼ੌਜ ਮੁਖੀ ਦੇ ਉਸ ਬਿਆਨ ਦੇ ਕੁੱਝ ਦਿਨਾਂ ਮਗਰੋਂ ਵਾਪਰੀ ਹੈ ਜਿਸ ਮੁਤਾਬਕ ਦੋਹਾਂ ਦੇਸ਼ਾਂ ਦੇ ਫ਼ੌਜੀ ਗਲਵਾਨ ਘਾਟੀ ਤੋਂ ਪਿੱਛੇ ਹਟ ਰਹੇ ਹਨ। ਭਾਰਤੀ ਅਤੇ ਚੀਨੀ ਫ਼ੌਜ ਵਿਚਾਲੇ ਪੈਂਗੋਂਗ ਝੀਲ, ਗਲਵਾਨ ਘਾਟੀ, ਡੇਮਚੋਕ ਅਤੇ ਦੌਲਤਬੇਗ਼ ਓਲਡੀ ਵਿਚ ਤਣਾਅ ਚੱਲ ਰਿਹਾ ਹੈ। ਭਾਰੀ ਗਿਣਤੀ ਵਿਚ ਚੀਨੀ ਫ਼ੌਜੀ ਅਸਲ ਕੰਟਰੋਲ ਰੇਖਾ 'ਤੇ ਪੈਂਗੋਂਗ ਝੀਲ ਸਣੇ ਭਾਰਤੀ ਖੇਤਰਾਂ ਵਿਚ ਵੜ ਗਏ ਸਨ। ਚੀਨ ਨੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਦੇ ਮਾਮਲੇ ਵਿਚ ਭਾਰਤ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਚੀਨ ਦਾ ਦਾਅਵਾ ਹੈ ਕਿ ਭਾਰਤੀ ਫ਼ੌਜੀਆਂ ਨੇ ਨਾਜਾਇਜ਼ ਗਤੀਵਿਧੀਆਂ ਲਈ ਸਰਹੱਦੀ ਰੇਖਾ ਟੱਪੀ ਅਤੇ ਚੀਨੀ ਫ਼ੌਜੀਆਂ ਨੂੰ ਉਕਸਾਇਆ ਤੇ ਉਨ੍ਹਾਂ 'ਤੇ ਹਮਲੇ ਕੀਤੇ ਜਿਸ ਕਾਰਨ ਦੋਹਾਂ ਧਿਰਾਂ ਵਿਚਾਲੇ ਗੰਭੀਰ ਮਾਰਕੁੱਟ ਹੋਈ। ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਕਿਹਾ ਕਿ ਚੀਨ ਦੇ ਵਿਦੇਸ਼ ਉਪ ਮੰਤਰੀ ਲੁਉ ਝਾਓਹਈ ਨਾਲ ਬੈਠਕ ਦੌਰਾਨ ਵਿਰੋਧ ਦਰਜ ਕਰਾਇਆ ਗਿਆ। ਮਿਸਰੀ ਨੇ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰਾਲੇ ਵਿਚ ਬੈਠਕ ਹੋਈ ਜਿਸ ਦੌਰਾਨ ਸੋਮਵਾਰ ਨੂੰ ਅਸਲ ਕੰਟਰੋਲ ਰੇਖਾ ਲਾਗੇ ਵਾਪਰੀ ਘਟਨਾ ਬਾਰੇ ਚਰਚਾ ਹੋਈ। ਇਹ ਪੁੱਛਣ 'ਤੇ ਕੀ ਚੀਨ ਨੇ ਵਿਰੋਧ ਦਰਜ ਕਰਾਇਆ ਤਾਂ ਮਿਸਰੀ ਨੇ ਕਿਹਾ, 'ਹਾਂ, ਬੈਠਕ ਦੌਰਾਨ ਇਸ ਦਾ ਜ਼ਿਕਰ ਹੋਇਆ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਸੰਮਨ ਨਹੀਂ ਕੀਤਾ ਗਿਆ ਸੀ।' ਇਹ ਪੁੱਛਣ 'ਤੇ ਕਿ ਕੀ ਚੀਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਸੰਮਨ ਕੀਤਾ ਸੀ ਤਾਂ ਮਿਸਰੀ ਨੇ ਕਿਹਾ, 'ਸੰਮਨ ਗ਼ਲਤ ਸ਼ਬਦ ਹੋਵੇਗਾ।' ਲਉ ਪਹਿਲਾਂ ਭਾਰਤ ਵਿਚ ਚੀਨ ਦੇ ਰਾਜਦੂਤ ਰਹਿ ਚੁਕੇ ਹਨ।