ਸ਼ਿਵ ਸੈਨਾ ਨੇ ਕਾਂਗਰਸ ਨੂੰ 'ਪੁਰਾਣਾ ਟੁੱਟਾ-ਭੱਜਾ ਮੰਜਾ' ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਦੇ ਲੇਖ ਤੋਂ ਕਾਂਗਰਸ ਔਖੀ

File

ਮੁੰਬਈ, 16 ਜੂਨ : ਸ਼ਿਵ ਸੈਨਾ ਨੇ ਅਪਣੀ ਭਾਈਵਾਲ ਕਾਂਗਰਸ ਨੂੰ 'ਪੁਰਾਣਾ ਟੁੱਟਾ ਭੱਜਾ ਮੰਜਾ' ਦਸਿਆ ਜਿਸ ਤੋਂ ਬਾਅਦ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਪਾਰਟੀ ਨੇ ਗਠਜੋੜ ਸਰਕਾਰ ਵਿਚ ਅਪਣੀ ਗੱਲ ਨਾ ਸੁਣੇ ਜਾਣ ਕਾਰਨ ਨਾਰਾਜ਼ਗੀ ਪ੍ਰਗਟ ਕੀਤੀ ਹਾਲਾਂਕਿ ਇਹ ਵੀ ਕਿਹਾ ਕਿ ਗਠਜੋੜ ਸਰਕਾਰ ਨੂੰ ਕੋਈ ਖ਼ਤਰਾ ਨਹੀਂ। ਪ੍ਰਦੇਸ਼ ਕਾਂਗਰਸ ਪ੍ਰਧਾਨ ਬਾਲਾ ਸਾਹਿਬ ਥੋਰਾਟ ਨੇ ਕਿਹਾ ਕਿ ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਦਾ ਲੇਖ ਪੂਰੀ ਤਰ੍ਹਾਂ ਗ਼ਲਤ ਜਾਣਕਾਰੀ 'ਤੇ ਆਧਾਰਤ ਹੈ।

ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ ਵਿਚ ਕਿਹਾ ਗਿਆ ਕਿ ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਿਚ ਨਾਰਾਜ਼ਗੀ ਹੋਣਾ ਲਾਜ਼ਮੀ ਹੈ। ਲੇਖ ਮੁਤਾਬਕ ਕਾਂਗਰਸ ਇਤਿਹਾਸਕ ਵਿਰਾਸਤ ਵਾਲੀ ਪੁਰਾਣੀ ਪਾਰਟੀ ਹੈ ਜਿਥੇ ਹਰ ਕਿਸੇ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਮਰਾਠੀ ਦੈਨਿਕ ਵਿਚ ਲਿਖਿਆ ਗਿਆ ਹੈ, 'ਮੰਜਾ ਪੁਰਾਣਾ ਹੈ ਪਰ ਇਸ ਦੀ ਇਤਿਹਾਸਕ ਵਿਰਾਸਤ ਹੈ। ਇਸ ਮੰਜੇ 'ਤੇ ਪਾਸਾ ਬਦਲਣ ਵਾਲੇ ਵੀ ਬਹੁਤ ਹਨ ਚਾਹੇ ਕਾਂਗਰਸ ਹੋਵੇ ਜਾਂ ਐਨਸੀਪੀ, ਦੋਹਾਂ ਪਾਰਟੀਆਂ ਵਿਚ ਹੰਢੇ-ਹੰਢਾਏ ਨੇਤਾ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕਦੋਂ ਨਾਰਾਜ਼ਗੀ ਪ੍ਰਗਟ ਕਰਨਾ ਹੈ ਅਤੇ ਕਦੋਂ ਪਾਸਾ ਬਦਲਣਾ ਹੈ।

ਸੰਪਾਦਕੀ ਵਿਚ ਲਿਖਿਆ ਗਿਆ ਹੈ, 'ਪਾਰਟੀ ਵਿਚ ਕਈ ਅਜਿਹੇ ਹਨ ਜਿਹੜੇ ਪਾਸਾ ਬਦਲ ਸਕਦੇ ਹਨ। ਇਹ ਕਾਰਨ ਹੈ ਕਿ ਨਾਰਾਜ਼ਗੀ ਮਹਿਸੂਸ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਊਧਵ ਠਾਕਰੇ ਦੀ ਸਰਕਾਰ ਵਿਚ ਅਜਿਹੀ ਘੁਸਰ-ਮੁਸਰ ਨੂੰ ਬਰਦਾਸ਼ਤ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।' ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਕਿਸੇ ਦੇ ਮਨ ਅੰਦਰ ਇਹ ਧਾਰਨਾ ਨਹੀਂ ਹੋਣੀ ਚਾਹੀਦੀ ਕਿ ਗਠਜੋੜ ਸਕਰਾਰ ਡਿੱਗ ਜਾਵੇਗੀ ਅਤੇ ਰਾਜਭਵਨ ਦੇ ਦੁਆਰ ਉਨ੍ਹਾਂ ਲਈ ਇਕ ਵਾਰ ਫਿਰ ਸਵੇਰੇ ਸਵੇਰੇ ਖੋਲ੍ਹੇ ਜਾਣਗੇ।

ਕਾਂਗਰਸ ਨੇ ਠਾਕਰੇ ਨੂੰ ਛੇਤੀ ਤੋਂ ਛੇਤੀ ਤਿੰਨਾਂ ਪਾਰਟੀਆਂ ਦੀ ਬੈਠਕ ਕਰਨ ਦੀ ਅਪੀਲ ਕੀਤੀ ਹੈ ਤਾਕਿ ਰਾਜ ਵਿਧਾਨ ਪਰਿਸ਼ਦ ਵਿਚ ਨਾਮਜ਼ਦਗੀ ਲਈ 12 ਮੈਂਬਰਾਂ ਦੇ ਨਾਮ ਤੈਅ ਕੀਤੇ ਜਾ ਸਕਣ। ਥੋਰਾਟ ਨੇ ਕਿਹਾ ਕਿ ਸਾਮਨਾ ਨੂੰ ਇਕ ਹੋਰ ਸੰਪਾਦਕੀ ਲਿਖਣੀ ਚਾਹੀਦੀ ਹੈ। ਅੱਜ ਦਾ ਲੇਖ ਪੂਰੀ ਤਰ੍ਹਾਂ ਅਧੂਰੀ ਜਾਣਕਾਰੀ 'ਤੇ ਆਧਾਰਤ ਹੈ ਜੋ ਸਾਡੇ ਬਾਰੇ ਗ਼ਲਤ ਸੰਦੇਸ਼ ਦਿੰਦਾ ਹੈ।