ਰਾਮਦੇਵ ਵਿਰੁੱਧ ਦਰਜ ਹੋਈ FIR, ਕੋਵਿਡ-19 ਦਵਾਈਆਂ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਲੱਗਿਆ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਰਾਤ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ

Yoga Guru Ramdev

ਰਾਏਪੁਰ : ਯੋਗ ਗੁਰੂ ਰਾਮਦੇਵ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਡਾਕਟਰਾਂ ਖ਼ਿਲਾਫ਼ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਲਈ ਛੱਤੀਸਗੜ੍ਹ 'ਚ ਬਾਬਾ ਰਾਮਦੇਵ ਵਿਰੁੱਧ ਐਫ਼ਆਈਆਰ ਦਰਜ ਕੀਤੀ ਗਈ ਹੈ। ਛੱਤੀਸਗੜ੍ਹ ਦੇ ਇਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਰਾਏਪੁਰ 'ਚ ਪੁਲਿਸ ਨੇ ਯੋਗ ਗੁਰੂ ਰਾਮਦੇਵ ਖ਼ਿਲਾਫ਼ ਕੋਵਿਡ-19 ਦੇ ਇਲਾਜ ਲਈ ਮੈਡੀਕਲ ਭਾਈਚਾਰੇ ਵੱਲੋਂ ਵਰਤੋਂ ਕੀਤੀਆਂ ਜਾ ਰਹੀਆਂ ਦਵਾਈਆਂ ਬਾਰੇ 'ਗਲਤ ਤੇ ਝੂਠੀ' ਜਾਣਕਾਰੀ ਫੈਲਾਉਣ ਲਈ ਐਫਆਈਆਰ ਦਰਜ ਕੀਤੀ ਹੈ।

ਰਾਏਪੁਰ ਦੇ ਪੁਲਿਸ ਸੁਪਰਡੈਂਟ ਅਜੈ ਯਾਦਵ ਨੇ ਦੱਸਿਆ ਕਿ ਛੱਤੀਸਗੜ੍ਹ ਪੁਲਿਸ ਨੇ ਕੋਵਿਡ-19 ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਬਾਰੇ ਝੂਠੀ ਜਾਣਕਾਰੀ ਫ਼ੈਲਾਉਣ ਲਈ ਯੋਗ ਗੁਰੂ ਰਾਮਦੇਵ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਯਾਦਵ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਹਸਪਤਾਲ ਬੋਰਡ ਦੇ ਪ੍ਰਧਾਨ ਰਾਕੇਸ਼ ਗੁਪਤਾ, ਆਈਐਮਏ ਰਾਏਪੁਰ ਦੇ ਪ੍ਰਧਾਨ ਵਿਕਾਸ ਅਗਰਵਾਲ ਅਤੇ ਹੋਰ ਡਾਕਟਰਾਂ ਦੀ ਸ਼ਿਕਾਇਤ 'ਤੇ ਇਸ ਸਬੰਧ 'ਚ ਐਫਆਈਆਰ ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਬੁੱਧਵਾਰ ਰਾਤ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਯਾਦਵ ਨੇ ਕਿਹਾ, "ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ।" ਆਪਣੀ ਸ਼ਿਕਾਇਤ 'ਚ ਰਾਕੇਸ਼ ਗੁਪਤਾ ਨੇ ਰਾਮਦੇਵ 'ਤੇ ਦਵਾਈਆਂ ਬਾਰੇ ਗਲਤ ਜਾਣਕਾਰੀ ਫੈਲਾਉਣ ਅਤੇ ਇਲਾਜ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਉਹ ਵੀ ਅਜਿਹੇ ਸਮੇਂ ਜਦੋਂ ਡਾਕਟਰ ਅਤੇ ਹੋਰ ਪੈਰਾ-ਮੈਡੀਕਲ ਸਟਾਫ਼ ਕੋਵਿਡ-19 ਨਾਲ ਸੱਭ ਤੋਂ ਅੱਗੇ ਹੋ ਕੇ ਲੜ ਰਹੇ ਹਨ।

ਗੁਪਤਾ ਨੇ ਕਿਹਾ, "ਛੱਤੀਸਗੜ੍ਹ ਪੁਲਿਸ ਨੇ ਰਾਮਦੇਵ ਵਿਰੁੱਧ ਕੇਸ ਦਰਜ ਕਰਕੇ ਸਹੀ ਕਦਮ ਚੁੱਕਿਆ ਹੈ, ਜੋ ਇਸ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਾਰੇ ਨਿਯਮਾਂ ਅਤੇ ਕੌਮਾਂਤਰੀ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਕੰਮ ਲਈ ਰਾਮਦੇਵ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਦੀ ਜਾਂਚ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਰਾਮਦੇਵ ਦਾ ਬਿਆਨ ਪਿਛਲੇ ਸਾਲ ਮਾਰਚ 'ਚ ਛੱਤੀਸਗੜ੍ਹ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਉਲੰਘਣਾ ਹੈ।

ਰਾਮਦੇਵ ਐਲੋਪੈਥਿਕ ਦਵਾਈਆਂ ਅਤੇ ਡਾਕਟਰਾਂ ਖ਼ਿਲਾਫ਼ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਮਦੇਵ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਕਿ ਐਲੋਪੈਥਿਕ ਦਵਾਈਆਂ ਅਤੇ ਡਾਕਟਰਾਂ ਖ਼ਿਲਾਫ਼ ਪਹਿਲਾਂ ਦਿੱਤੇ ਬਿਆਨਾਂ ਤੋਂ ਲੋਕ ਬਹੁਤ ਦੁਖੀ ਹਨ। ਰਾਮਦੇਵ ਦੇ ਉਸ ਬਿਆਨ ਦੀ ਵੀ ਕਾਫ਼ੀ ਨਿਖੇਧੀ ਹੋਈ, ਜਿਸ 'ਚ ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਬਾਵਜੂਦ ਲਗਭਗ 10,000 ਡਾਕਟਰਾਂ ਦੀ ਮੌਤ ਹੋ ਗਈ। ਜਦਕਿ ਆਈਐਮਏ ਦੇ ਅਨੁਸਾਰ ਲਾਗ ਦੀ ਦੂਜੀ ਲਹਿਰ ਦੌਰਾਨ ਕੋਵਿਡ-19 'ਚ ਘੱਟੋ-ਘੱਟ 646 ਡਾਕਟਰਾਂ ਦੀ ਮੌਤ ਹੋ ਗਈ ਹੈ ਅਤੇ ਪਹਿਲੀ ਲਹਿਰ ਦੌਰਾਨ 753 ਡਾਕਟਰਾਂ ਦੀ ਮੌਤ ਹੋ ਗਈ।