ਅਗਨੀਪਥ ਪ੍ਰਦਰਸ਼ਨ: ਹੁਣ ਤੱਕ 200 ਟਰੇਨਾਂ ਦਾ ਸੰਚਾਲਨ ਪ੍ਰਭਾਵਿਤ, 35 ਟਰੇਨਾਂ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਲੀਆ ਵਿਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਅਗਨੀਪਥ ਵਾਪਸ ਲਓ' ਵਰਗੇ ਨਾਅਰੇ ਲਗਾਉਂਦੇ ਹੋਏ ਇੱਕ ਖਾਲੀ ਰੇਲਗੱਡੀ ਨੂੰ ਅੱਗ ਲਗਾ ਦਿੱਤੀ

Agneepath protest: Operation of 200 trains affected so far, 35 trains canceled

 

ਨਵੀਂ ਦਿੱਲੀ - ਹਥਿਆਰਬੰਦ ਬਲਾਂ 'ਚ ਭਰਤੀ ਨਾਲ ਸਬੰਧਤ 'ਅਗਨੀਪਥ' ਯੋਜਨਾ ਦੇ ਵਿਰੋਧ ਕਾਰਨ ਹੁਣ ਤੱਕ 200 ਤੋਂ ਵੱਧ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰੇਲਵੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ 35 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜਦਕਿ 13 ਟਰੇਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ।

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ। "ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਿੰਸਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਨਾ ਹੋਣ ਅਤੇ ਰੇਲਵੇ ਦੀਆਂ ਜਾਇਦਾਦਾਂ ਨੂੰ ਨੁਕਸਾਨ ਨਾ ਪਹੁੰਚਾਉਣ" ਪ੍ਰਦਰਸ਼ਨ ਦਾ ਸਭ ਤੋਂ ਵੱਧ ਅਸਰ ਪੂਰਬੀ ਮੱਧ ਰੇਲਵੇ 'ਤੇ ਪਿਆ ਹੈ, ਜੋ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਕਵਰ ਕਰਦਾ ਹੈ। ਇਨ੍ਹਾਂ ਸੂਬਿਆਂ ਵਿਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਹਨ। ਅਜਿਹੇ 'ਚ ਪੂਰਬੀ ਮੱਧ ਰੇਲਵੇ ਨੇ ਵੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਅੱਠ ਟਰੇਨਾਂ ਦੇ ਸੰਚਾਲਨ 'ਤੇ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਉਹ ਇਨ੍ਹਾਂ ਟਰੇਨਾਂ ਦੀ ਆਵਾਜਾਈ 'ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਦੇ ਮੁਤਾਬਕ ਇਨ੍ਹਾਂ ਦੇ ਸੰਚਾਲਨ ਬਾਰੇ ਫੈਸਲਾ ਲੈਣਗੇ।
ਇਨ੍ਹਾਂ ਰੇਲਗੱਡੀਆਂ ਵਿਚ 12303 ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, 12353 ਹਾਵੜਾ-ਲਾਲਕੂਆ ਐਕਸਪ੍ਰੈਸ, 18622 ਰਾਂਚੀ-ਪਟਨਾ-ਪਾਟਲੀਪੁੱਤਰ ਐਕਸਪ੍ਰੈਸ, 18182 ਦਾਨਾਪੁਰ-ਟਾਟਾ ਐਕਸਪ੍ਰੈਸ, 22387 ਹਾਵੜਾ-ਧਨਬਾਦ ਬਲੈਕ ਡਾਇਮੰਡ ਐਕਸਪ੍ਰੈਸ, 13512 ਐਚ.ਟੀ.ਨਗਰ ਐਕਸਪ੍ਰੈਸ, 13512 ਐਚ. ਅਤੇ 13409 ਮਾਲਦਾ ਟਾਊਨ-ਕਿਉਲ ਐਕਸਪ੍ਰੈਸ ਸ਼ਾਮਲ ਹਨ। 

ਈਸਟ ਸੈਂਟਰਲ ਰੇਲਵੇ ਦੀਆਂ ਦੋ ਟਰੇਨਾਂ 12335 ਮਾਲਦਾ ਟਾਊਨ - ਲੋਕਮਾਨਿਆ ਤਿਲਕ ਐਕਸਪ੍ਰੈਸ ਅਤੇ 12273 ਹਾਵੜਾ -ਨਵੀਂ ਦਿੱਲੀ ਦੁਰੰਤੋ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਹੈ। ਹੋਰ ਰੱਦ ਕੀਤੀਆਂ ਟਰੇਨਾਂ ਦੇ ਵੇਰਵੇ ਉਪਲੱਬਧ ਨਹੀਂ ਹਨ। ਰੇਲਵੇ ਨੇ ਕਿਹਾ ਕਿ ਉੱਤਰੀ ਸਰਹੱਦੀ ਰੇਲਵੇ ਦੀਆਂ ਕਈ ਰੇਲਗੱਡੀਆਂ ਪੂਰਬੀ ਮੱਧ ਦੇ ਅਧਿਕਾਰ ਖੇਤਰ ਵਿਚੋਂ ਲੰਘਦੀਆਂ ਹਨ ਅਤੇ ਇਨ੍ਹਾਂ ਵਿਚੋਂ ਤਿੰਨ ਪ੍ਰਭਾਵਿਤ ਹੋਈਆਂ ਹਨ।

ਪ੍ਰਦਰਸ਼ਨਕਾਰੀਆਂ ਨੇ ਪੂਰਬੀ ਮੱਧ ਰੇਲਵੇ ਦੀਆਂ ਤਿੰਨ ਟਰੇਨਾਂ ਅਤੇ ਇਕ ਖਾਲੀ ਟਰੇਨ ਨੂੰ ਨੁਕਸਾਨ ਪਹੁੰਚਾਇਆ। ਉੱਤਰ ਪ੍ਰਦੇਸ਼ ਦੇ ਬਲੀਆ 'ਚ 'ਵਾਸ਼ਿੰਗ ਲਾਈਨ' 'ਤੇ ਖੜ੍ਹੀ ਰੇਲ ਗੱਡੀ ਦਾ ਇੱਕ ਡੱਬਾ ਵੀ ਨੁਕਸਾਨਿਆ ਗਿਆ। ਥੋੜ੍ਹੇ ਸਮੇਂ ਦੇ ਠੇਕੇ ਦੇ ਆਧਾਰ 'ਤੇ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਨ ਲਈ ਗੁੱਸੇ ਵਿਚ ਆਈ ਭੀੜ ਨੇ ਰੇਲ ਗੱਡੀਆਂ ਅਤੇ ਰੇਲਵੇ ਸੰਪਤੀ ਨੂੰ ਨਿਸ਼ਾਨਾ ਬਣਾਇਆ ਹੈ। ਹਿੰਸਕ ਪ੍ਰਦਰਸ਼ਨਕਾਰੀਆਂ ਨੇ ਪੂਰਬੀ ਮੱਧ ਰੇਲਵੇ (ਈਸੀਆਰ) ਵਿਚ ਤਿੰਨ ਰੇਲਗੱਡੀਆਂ ਅਤੇ ਕੁਲਹਰੀਆ (ਈਸੀਆਰ ਵਿੱਚ ਹੀ) ਵਿਚ ਇੱਕ ਖਾਲੀ ਕੋਚ ਨੂੰ ਨੁਕਸਾਨ ਪਹੁੰਚਾਇਆ।

ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਅਚੱਲ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨਾ ਫਿਲਹਾਲ ਮੁਸ਼ਕਲ ਹੈ। ਬਲੀਆ ਵਿਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਅਗਨੀਪਥ ਵਾਪਸ ਲਓ' ਵਰਗੇ ਨਾਅਰੇ ਲਗਾਉਂਦੇ ਹੋਏ ਇੱਕ ਖਾਲੀ ਰੇਲਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਹੋਰ ਰੇਲ ਗੱਡੀਆਂ ਵਿਚ ਭੰਨਤੋੜ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਉਨ੍ਹਾਂ 'ਤੇ ਲਾਠੀਚਾਰਜ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੀ ਭੰਨ-ਤੋੜ ਕਰਨ ਅਤੇ ਰੇਲ ਗੱਡੀ ਨੂੰ ਅੱਗ ਲਾਉਣ ਦੀਆਂ ਵੀ ਖ਼ਬਰਾਂ ਹਨ।