'ਅਗਨੀਪਥ' ਯੋਜਨਾ ਲਈ ਕੇਂਦਰ ਨੇ ਉਮਰ ਹੱਦ 'ਚ ਕੀਤਾ 2 ਸਾਲ ਦਾ ਵਾਧਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਸਾਢੇ 17 ਤੋਂ 23 ਸਾਲ ਤੱਕ ਦੇ ਨੌਜਵਾਨ ਲੈ ਸਕਣਗੇ ਭਰਤੀ ਦਾ ਲਾਭ 

Center raises age limit for 'Agneepath' scheme by 2 years

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਹਾਲ ਹੀ ਵਿਚ ਲਾਗੂ ਕੀਤੀ ਗਈ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਇਸ ਵਿਚਾਲੇ ਮੋਦੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਕੇਂਦਰ ਨੇ ਇਸ ਯੋਜਨਾ ਤਹਿਤ ਹੋਣ ਵਾਲੀ ਭਰਤੀ ਲਈ ਉਮਰ ਹੱਦ ਵਿਚ 2 ਸਾਲ ਦਾ ਵਾਧਾ ਕਰ ਦਿਤਾ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਰੱਖਿਆ ਮੰਤਰਾਲੇ ਨੇ ਇਸ ਯੋਜਨਾ ਤਹਿਤ ਇਸ ਸਾਲ ਭਰਤੀ ਲਈ ਵੱਧ ਤੋਂ ਵੱਧ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ।ਦੱਸਣਯੋਗ ਹੈ ਕਿ 14 ਜੂਨ ਨੂੰ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਅਤੇ ਸਰਕਾਰ ਨੇ ਕਿਹਾ ਸੀ ਕਿ ਸਾਰੀਆਂ ਨਵੀਂਆਂ ਭਰਤੀਆਂ ਲਈ ਉਮਰ ਸੀਮਾ ਸਾਢੇ 17 ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਪਿਛਲੇ ਦੋ ਸਾਲਾਂ ਦੌਰਾਨ ਭਰਤੀ ਸੰਭਵ ਨਹੀਂ ਹੋ ਸਕੀ ਹੈ, ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 2022 ਲਈ ਪ੍ਰਸਤਾਵਿਤ ਭਰਤੀ ਪ੍ਰਕਿਰਿਆ ਲਈ ਇਕ ਵਾਰ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਉਪਰਲੀ ਉਮਰ ਸੀਮਾ ਅਗਨੀਪਥ ਸਕੀਮ ਤਹਿਤ 2022 ਦੀ ਭਰਤੀ ਪ੍ਰਕਿਰਿਆ ਨੂੰ ਵਧਾ ਕੇ 23 ਸਾਲ ਕਰ ਦਿੱਤਾ ਗਿਆ ਹੈ।