ਰਾਜਸਥਾਨ 'ਚ ਬਿਪਰਜੋਏ 'ਚ ਬਿਜਲੀ ਦੀ ਤਾਰ ਡਿੱਗਣ ਕਾਰਨ ਲੜਕੀ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਹਾਦਸੇ ਵਿਚ ਇੱਕ ਵੱਛੇ ਦੀ ਵੀ ਕਰੰਟ ਲੱਗਣ ਨਾਲ ਮੌਤ ਹੋ ਗਈ

photo

 

ਰਾਜਸਥਾਨ ਵਿਚ ਬਿਪਰਜੋਏ ਘਾਤਕ ਹੋਣ ਲੱਗ ਪਿਆ ਹੈ। ਬਾੜਮੇਰ, ਮਾਊਂਟ ਆਬੂ, ਸਿਰੋਹੀ, ਉਦੈਪੁਰ, ਜਾਲੋਰ, ਜੋਧਪੁਰ ਅਤੇ ਨਾਗੌਰ 'ਚ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਸ਼ਨੀਵਾਰ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ।

ਬਾੜਮੇਰ ਵਿਚ ਹੜ੍ਹ ਦੀ ਸਥਿਤੀ ਬਣ ਗਈ ਹੈ। ਕਲੈਕਟਰ ਅਰੁਣ ਪੁਰੋਹਿਤ ਨੇ ਦਸਿਆ ਕਿ ਜ਼ਿਲ੍ਹੇ ਵਿਚ ਸਥਿਤੀ ਨੂੰ ਦੇਖਦੇ ਹੋਏ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਹੈ। ਦੂਜੇ ਪਾਸੇ ਪਾਲੀ ਦੇ ਜੈਤਾਰਨ ਥਾਣਾ ਖੇਤਰ 'ਚ ਖਰਾਬ ਮੌਸਮ ਕਾਰਨ 11 ਕੇਵੀ ਬਿਜਲੀ ਲਾਈਨ ਦੀ ਤਾਰ ਡਿੱਗਣ ਨਾਲ ਬੰਜਾਕੁੜੀ ਪਿੰਡ ਦੀ 16 ਸਾਲਾ ਪੂਜਾ ਕੁਮਾਵਤ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇੱਕ ਵੱਛੇ ਦੀ ਵੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਪਿਛਲੇ 24 ਘੰਟਿਆਂ ਦੌਰਾਨ ਇਸ ਦਾ ਸਭ ਤੋਂ ਵੱਧ ਅਸਰ ਜਾਲੋਰ, ਸਿਰੋਹੀ ਅਤੇ ਬਾੜਮੇਰ ਦੇ ਰੇਗਿਸਤਾਨੀ ਜ਼ਿਲ੍ਹਿਆਂ ਵਿਚ ਦੇਖਿਆ ਗਿਆ। ਮਾਊਂਟ ਆਬੂ ਵਿਚ ਰਿਕਾਰਡ 8.4 ਇੰਚ ਪਾਣੀ ਮੀਂਹ ਪਿਆ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਵੀ ਸਿਰੋਹੀ ਅਤੇ ਜਾਲੋਰ ਵਿਚ ਹੜ੍ਹ ਦੀ ਸਥਿਤੀ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਭਾਗ ਨੇ ਬਾੜਮੇਰ, ਜਾਲੋਰ, ਸਿਰੋਹੀ ਅਤੇ ਪਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰੇਲਵੇ ਨੇ ਬਾੜਮੇਰ ਤੋਂ ਲੰਘਣ ਵਾਲੀਆਂ 14 ਟਰੇਨਾਂ ਨੂੰ ਰੱਦ ਕਰ ਦਿਤਾ ਹੈ। ਇਸੇ ਤਰ੍ਹਾਂ ਉਦੈਪੁਰ ਤੋਂ ਦਿੱਲੀ ਅਤੇ ਮੁੰਬਈ ਦੀਆਂ ਦੋ ਉਡਾਣਾਂ ਨੂੰ ਵੀ ਰੱਦ ਕਰ ਦਿਤਾ ਗਿਆ ਹੈ। ਪਾਕਿਸਤਾਨ ਸਰਹੱਦ ਨਾਲ ਲੱਗਦੇ 5 ਪਿੰਡਾਂ ਬਾੜਮੇਰ (ਬਖਸਰ, ਸੇਦਵਾ ਚੌਹਾਤਾਨ, ਰਾਮਸਰ, ਧੂਰੀਮਨਾ) ਦੇ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿਤਾ ਗਿਆ ਹੈ।