ਪੰਜਾਬ ਦੇ ਬੱਚਿਆਂ ਦਾ ਪੰਜਾਬੀ ਬੋਲਣ, ਲਿਖਣ, ਪੜ੍ਹਨ ਵਿਚ ਸਰਵੋਤਮ ਪ੍ਰਦਰਸ਼ਨ
ਭਾਰਤ ਵਿਚ ਸਿਰਫ਼ 42 ਫ਼ੀਸਦੀ ਬੱਚੇ ਹੀ ਵਿਸ਼ਵ ਪੱਧਰ 'ਤੇ ਮੁਹਾਰਤ ਹਾਸਲ ਕਰਨ ਵਾਲੇ ਪਾਏ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇ ਬੱਚੇ ਵਧੀਆ ਪ੍ਰਦਰਸ਼ਨ ਕਰਦੇ ਹਨ
ਨਵੀਂ ਦਿੱਲੀ : ਇਹ ਮੰਨਿਆ ਜਾਂਦਾ ਹੈ ਕਿ ਬੱਚੇ ਆਪਣੀ ਮਾਤ ਭਾਸ਼ਾ ਵਿਚ ਪੜ੍ਹ ਕੇ ਚੰਗੀ ਤਰ੍ਹਾਂ ਸਿੱਖਦੇ ਅਤੇ ਸਮਝਦੇ ਹਨ। ਸਟੈਨਫੋਰਡ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਕੰਪੀਟੀਟਿਵਨੈਸ ਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚੋਂ ਪੰਜਾਬੀ (ਪ੍ਰਾਇਮਰੀ ਸਿੱਖਿਆ) ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇਸ਼ ਵਿਚ ਸਭ ਤੋਂ ਵਧੀਆ ਹੈ।
51% ਵਿਦਿਆਰਥੀ ਗਲੋਬਲ ਪ੍ਰੋਫੀਸ਼ੈਂਸੀ ਲੈਵਲ (GPL) ਬੈਂਚਮਾਰਕ ਨੂੰ ਪੂਰਾ ਕਰਦੇ ਹਨ। ਦੂਜੇ ਪਾਸੇ ਤਾਮਿਲ ਵਿਚ ਪੜ੍ਹਣ ਵਾਲਿਆਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ। ਸਿਰਫ਼ 9% ਵਿਦਿਆਰਥੀ ਹੀ ਜੀਪੀਐਲ ਸਟੈਂਡਰਡ ਦੇ ਅਨੁਕੂਲ ਪਾਏ ਗਏ।
ਸਰਵੇਖਣ ਅਨੁਸਾਰ ਭਾਰਤ ਵਿਚ ਪੰਜਾਬੀ ਤੋਂ ਇਲਾਵਾ 6 ਹੋਰ ਭਾਸ਼ਾਵਾਂ (ਬੰਗਾਲੀ, ਮਿਜ਼ੋ, ਉੜੀਆ, ਅੰਗਰੇਜ਼ੀ, ਮਨੀਪੁਰੀ ਅਤੇ ਤੇਲਗੂ) ਪੜ੍ਹ ਰਹੇ 30% ਵਿਦਿਆਰਥੀ ਵਿਸ਼ਵ ਪੱਧਰ 'ਤੇ ਮੁਹਾਰਤ ਦੇ ਪੱਧਰ ਨੂੰ ਪਾਰ ਕਰ ਗਏ ਹਨ। ਇਹ ਸਰਵੇਖਣ ‘ਸਟੇਟ ਆਫ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮੇਰੇਸੀ 2022’ ਸਿਰਲੇਖ ਵਾਲੀ ਰਿਪੋਰਟ ਤੋਂ ਜਾਰੀ ਕੀਤਾ ਗਿਆ ਹੈ।
ਇਹ ਸਰਵੇਖਣ ਭਾਰਤ ਦੇ 10,000 ਸਕੂਲਾਂ ਵਿਚ 20 ਵੱਖ-ਵੱਖ ਭਾਸ਼ਾਵਾਂ ਵਿਚ ਤੀਜੀ ਜਮਾਤ ਦੇ 86,000 ਵਿਦਿਆਰਥੀਆਂ 'ਤੇ ਕੀਤਾ ਗਿਆ ਸੀ। ਇਸ ਵਿਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਿਚ ਮਾਤ ਭਾਸ਼ਾ ਦੀ ਮਹੱਤਤਾ ਨੂੰ ਵਿਸ਼ੇਸ਼ ਤੌਰ ’ਤੇ ਰੇਖਾਂਕਿਤ ਕੀਤਾ ਗਿਆ। ਸਰਵੇਖਣ ਵਿਚ ਬੱਚਿਆਂ ਦੀ ਬੋਲਣ, ਲਿਖਣ, ਪੜ੍ਹਨ ਅਤੇ ਗਣਿਤ ਦੇ ਸਵਾਲਾਂ ਨੂੰ ਸਮਝਣ ਦੀ ਯੋਗਤਾ ਦਾ ਮੁਲਾਂਕਣ ਕੀਤਾ ਗਿਆ। ਭਾਰਤ ਵਿਚ ਸਿਰਫ਼ 42 ਫ਼ੀਸਦੀ ਬੱਚੇ ਹੀ ਵਿਸ਼ਵ ਪੱਧਰ 'ਤੇ ਮੁਹਾਰਤ ਹਾਸਲ ਕਰਨ ਵਾਲੇ ਪਾਏ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇ ਬੱਚੇ ਵਧੀਆ ਪ੍ਰਦਰਸ਼ਨ ਕਰਦੇ ਹਨ।