ਆਪ' ਨੇ ਮੋਦੀ ਸਰਕਾਰ, ਗ੍ਰਹਿ ਮੰਤਰੀ, ਉਪ ਰਾਜਪਾਲ ਤੇ ਦਿੱਲੀ ਪੁਲਿਸ ਨੂੰ ਕੀਤਾ ਕਟਹਿਰੇ ਵਿਚ ਖੜਾ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਕਤਲੇਆਮ ਪੀੜ੍ਹਤਾਂ ਦੀ ਕਾਲੋਨੀ ਤਿਲਕ ਵਿਹਾਰ ਵਿਚਲੀ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਸ਼ਨਿਚਰਵਾਰ ਰਾਤ ਡੇਢ ਵਜੇ ਇਕ ਨਾਬਾਲਗ ਕੁੜੀ ...

Jarnail Singh with Victims family

'ਨਵੀਂ ਦਿੱਲੀ, ਸਿੱਖ ਕਤਲੇਆਮ ਪੀੜ੍ਹਤਾਂ ਦੀ ਕਾਲੋਨੀ ਤਿਲਕ ਵਿਹਾਰ ਵਿਚਲੀ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਸ਼ਨਿਚਰਵਾਰ ਰਾਤ ਡੇਢ ਵਜੇ ਇਕ ਨਾਬਾਲਗ ਕੁੜੀ ਵਲੋਂ ਖ਼ੁਦ ਨੂੰ ਫ਼ਾਂਸੀ ਲਾ ਲਈ ਸੀ। ਐਤਵਾਰ ਨੂੰ ਚੌਂਕੀ ਦੇ ਬਾਹਰ ਜੰਮ ਕੇ ਹੰਗਾਮਾ ਹੋਇਆ ਤੇ ਮੈਜਿਸਟ੍ਰੇਟ ਪੜਤਾਲ ਦੇ ਹੁਕਮ ਦੇ ਦਿਤੇ ਗਏ ਹਨ।
  ਅੱਜ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਦਿੱਲੀ ਪੁਲਿਸ ਦੀ ਵੱਡੀ ਨਾਕਾਮੀ ਮੰਨਦਿਆਂ ਕੇਂਦਰ ਸਰਕਾਰ, ਗ੍ਰਹਿ ਮੰਤਰਾਲੇ ਅਤੇ ਦਿੱਲੀ ਦੇ ਉਪ ਰਾਜਪਾਲ ਨੂੰ ਪੁਛਿਆ ਹੈ

ਕਿ ਆਖਰ ਉਹ ਸਪਸ਼ਟ ਕਰਨ ਕਿ ਇਕ ਕਾਨੂੰਨ ਦੇ ਉਲਟ ਇਕ ਨਾਬਾਲਗ਼ ਕੁੜੀ  ਨੂੰ ਰਾਤ ਡੇਢ ਵੱਜੇ ਪੁਲਿਸ ਚੌਂਕੀ ਵਿਚ ਕੁੜੀ ਨੂੰ ਆਪਣੇ ਭਰਾ ਤੋਂ ਵੱਖ ਕਿਉਂ ਦੂਜੇ ਕਮਰੇ ਵਿਚ ਬੰਦ ਰੱਖਿਆ ਗਿਆ? ਖੁਦਕੁਸ਼ੀ ਵੇਲੇ ਪੁਲਿਸ ਮੁਲਾਜ਼ਮ ਕਿਉਂ ਭੱਜ ਗਏ ਤੇ ਕਿਉਂ ਹੁਣ ਤੱਕ ਚੌਂਕੀ ਇੰਚਾਰਜ ਨੂੰ ਮੁਅੱਤਲ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਲੇਨਾ ਨੇ ਕਿਹਾ ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਵਾਬ ਦੇਣ ਕਿ ਦਿੱਲੀ ਦੇ ਅਮਨ ਕਾਨੂੰਨ ਦੀ ਹਾਲਤ ਬਾਰੇ ਉਹ ਕੀ ਕਰ ਰਹੇ ਹਨ।

ਅੱਜ ਇਥੇ ਪੀੜ੍ਹਤ ਪਰਵਾਰ ਨੂੰ ਨਾਲ ਲੈ ਕੇ ਪੱਤਰਕਾਰ ਮਿਲਣੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਲੇਨਾ, ਤਿਲਕ ਨਗਰ ਦੇ ਵਿਧਾਇਕ ਸ.ਜਰਨੈਲ ਸਿੰਘ, ਆਪ ਦੀ ਔਰਤ ਵਿੰਗ ਦੀ ਪ੍ਰਧਾਨ ਰਿਚਾ ਪਾਂਡੇ ਨੇ ਨਾਬਾਲਗ਼ ਕੁੜੀ ਦੇ ਮਾਮਲੇ ਵਿਚ ਦਿੱਲੀ ਪੁਲਿਸ 'ਤੇ ਸਵਾਲੀਆ ਨਿਸ਼ਾਨ ਲਾਏ ਹਨ। ਵਿਧਾਇਕ ਸ.ਜਰਨੈਲ ਸਿੰਘ ਨੇ ਕਿਹਾ ਕਿ ਮਾਮੂਲੀ ਝਗੜੇ ਨੂੰ ਲੈ ਕੇ ਮਾਮਲਾ ਪੁਲਿਸ ਚੌਂਕੀ ਪੁਜਾ ਸੀ,

ਪਰ ਪੁਲਿਸ ਨੇ ਦੇਰ ਰਾਤ ਨਾਬਾਲਗ਼ ਕੁੜੀ ਕੋਮਲ ਨੂੰ ਕਿਉਂ ਆਪਣੇ ਭਰਾ ਤੋਂ ਵੱਖ ਇਕ ਕਮਰੇ ਵਿਚ ਬੰਦ ਕਰ ਕੇ ਰੱਖਿਆ  ਤੇ ਦੋਸ਼ੀਆਂ ਪੁਲਿਸ ਮੁਲਾਜ਼ਮਾਂ 'ਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਰਿਚਾ ਪਾਂਡੇ ਨੇ ਕਿਹਾ ਕਿ ਹੁਣ ਤੱਕ ਦੇਸ਼ ਭਰ ਵਿਚ ਹਿਰਾਸਤੀ ਮੌਤਾਂ ਦੇ 10 ਹਜ਼ਾਰ 680 ਮਾਮਲੇ ਸਾਹਮਣੇ ਆ ਚੁਕੇ ਹਨ ਤੇ ਦਿੱਲੀ ਵਿਚ ਵੀ ਕਈ ਹਿਰਾਸਤੀ ਮੌਤਾਂ ਦੇ ਮਾਮਲੇ ਵਾਪਰੇ ਹਨ, ਪਰ ਪੁਲਿਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਜਾਂਦੀ?