‘ਦੇਸ਼ ਦੀ ਇੰਚ-ਇੰਚ ਜ਼ਮੀਨ ‘ਚੋਂ ਗੈਰ-ਕਾਨੂੰਨੀ ਪਰਵਾਸੀਆਂ ਦੀ ਪਛਾਣ ਕਰਕੇ ਵਾਪਸ ਭੇਜਾਂਗੇ’: ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ ਵਿਚ ਕਹੀ ਇਹ ਗੱਲ਼ ।

Amit Shah

ਨਵੀਂ ਦਿੱਲੀ: ਅਸਾਮ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਗੈਰਕਾਨੂੰਨੀ ਇਮੀਗ੍ਰੈਂਟਸ ਨੂੰ ਬਾਹਰ ਕੱਢਣ ਲਈ ਕੇਂਦਰ ਦੀ ਵਚਨਬੱਧਤਾ ਪ੍ਰਗਟਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਇੰਚ-ਇੰਚ ਜ਼ਮੀਨ ਵਿਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਕੇ ਉਹਨਾਂ ਨੂੰ ਵਾਪਸ ਭੇਜਿਆ ਜਾਵੇਗਾ। ਅਮਿਤ ਸ਼ਾਹ ਨੇ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ ਵਿਚ ਇਹ ਗੱਲ਼ ਕਹੀ। ਉਹਨਾਂ ਨੇ ਰਾਸ਼ਟਰੀ ਨਾਗਰਿਕਤਾ ਰਜਿਸਟਰੀ (ਐਨਸੀਆਰ) ਦੀ ਚਰਚਾ ਕਰਦੇ ਹੋਏ ਕਿਹਾ ਕਿ ਇਹ ਅਸਾਮ ਸਮਝੌਤੇ ਦਾ ਹਿੱਸਾ ਹੈ।

ਉਹਨਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਜਿਸ ਘੋਸ਼ਣਾ ਪੱਤਰ ਦੇ ਅਧਾਰ ‘ਤੇ ਚੁਣ ਕੇ ਆਈ ਹੈ, ਉਸ ਵਿਚ ਵੀ ਇਹ ਗੱਲ ਕਹੀ ਗਈ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਇੰਚ-ਇੰਚ ਜ਼ਮੀਨ ‘ਤੇ ਜੋ ਗੈਰਕਾਨੂੰਨੀ ਪਰਵਾਸੀ ਰਹਿੰਦੇ ਹਨ, ਅਸੀਂ ਉਹਨਾਂ ਦੀ ਪਛਾਣ ਕਰਾਂਗੇ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਉਹਨਾਂ ਨੂੰ ਵਾਪਸ ਭੇਜਾਂਗੇ।

ਅਮਿਤ ਸ਼ਾਹ ਨੇ ਇਹ ਗੱਲ ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖਾਨ ਦੇ ਪ੍ਰਸ਼ਨ ਦੇ ਜਵਾਬ ਵਿਚ ਕਹੀ ਕਿ ਜਿਸ ਤਰ੍ਹਾਂ ਅਸਾਮ ਵਿਚ ਐਨਆਰਸੀ ਨੂੰ ਲਾਗੂ ਕੀਤਾ ਜਾ ਰਿਹਾ ਹੈ, ਸਰਕਾਰ ਦੀ ਯੋਜਨਾ ਉਸ ਨੂੰ ਦੇਸ਼ ਦੇ ਹੋਰ ਹਿੱਸਿੱਆਂ ਵਿਚ ਵੀ ਉਸੇ ਤਰ੍ਹਾਂ ਲਾਗੂ ਕਰਨ ਦੀ ਹੈ। ਇਸ ਤੋਂ ਪਹਿਲਾਂ ਇਕ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸਰਕਾਰ ਅਸਾਮ ਵਿਚ ਐਨਆਰਸੀ ਲਾਗੂ ਕਰਨ ਲਈ ਵਚਵਬੱਧ ਹੈ। ਉਹਨਾਂ ਕਿਹਾ ਕਿ ਐਨਆਰਸੀ ਨੂੰ ਲਾਗੂ ਕਰਨ ਵਿਚ ਸਰਕਾਰ ਦੇ ਇਰਾਦੇ ਬਿਲਕੁਲ ਸਾਫ਼ ਹਨ। ਰਾਏ ਨੇ ਕਿਹਾ ਕਿ ਅਸਾਮ ਵਿਚ ਐਨਆਰਸੀ ਨੂੰ 31 ਜੁਲਾਈ 2019 ਤੱਕ ਪ੍ਰਕਾਸ਼ਿਤ ਕੀਤਾ ਜਾਵੇਗਾ।