ਦੁਵੱਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਅਮਰੀਕਾ, ਫ਼ਰਾਂਸ ਨਾਲ ਸਮਝੌਤਾ : ਪੁਰੀ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਅਤੇ ਫ਼ਰਾਂਸ ਨਾਲ ਦੁਵੱਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਸਮਝੌਤਾ ਕੀਤਾ ਹੈ
ਨਵੀਂ ਦਿੱਲੀ, 16 ਜੁਲਾਈ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਅਤੇ ਫ਼ਰਾਂਸ ਨਾਲ ਦੁਵੱਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਸਮਝੌਤਾ ਕੀਤਾ ਹੈ ਅਤੇ ਛੇਤੀ ਹੀ ਜਰਮਨੀ ਅਤੇ ਬ੍ਰਿਟੇਨ ਨਾਲ ਵੀ ਉਡਾਣਾਂ ਸ਼ੁਰੂ ਹੋਣਗੀਆਂ।
ਮੰਤਰੀ ਨੇ ਦਸਿਆ ਕਿ ਇਸ ਸਮਝੌਤੇ ਤਹਿਤ ਫ਼ਿਲਹਾਲ 18 ਜੁਲਾਈ ਤੋਂ ਇਕ ਅਗੱਸਤ ਵਿਚਾਲੇ ਏਅਰ ਫ਼ਰਾਂਸ ਪੈਰਿਸ ਤੋਂ ਦਿੱਲੀ, ਮੁੰਬਈ, ਬੰਗਲੌਰ ਲਈ 28 ਉਡਾਣਾਂ ਚਲਾਏਗੀ। ਉਧਰ,ਅਮਰੀਕੀ ਹਵਾਈ ਸੇਵਾ ਯੂਨਾਈਟਿਡ ਏਅਰਲਾਈਨਜ਼ 17 ਤੋਂ 31 ਜੁਲਾਈ ਤਕ ਭਾਰਤ ਅਤੇ ਅਮਰੀਕਾ ਵਿਚਾਲੇ 18 ਉਡਾਣਾਂ ਚਲਾਏਗੀ। ਪੁਰੀ ਨੇ ਕਿਹਾ, 'ਉਹ ਦਿੱਲੀ ਅਤੇ ਨੇਵਾਰਕ ਵਿਚਾਲੇ ਰੋਜ਼ ਜਦਕਿ ਦਿੱਲੀ ਅਤੇ ਸੈਨ ਫ਼ਰਾਂਸਿਸਕੋ ਵਿਚਾਲੇ ਹਫ਼ਤੇ ਵਿਚ ਤਿੰਨ ਦਿਨ ਉਡਾਣਾਂ ਚਲਾਏਗੀ।'
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਬ੍ਰਿਟੇਨ ਨਾਲ ਵੀ ਅਜਿਹਾ ਹੀ ਸਮਝੌਤਾ ਕਰਨਾ ਚਾਹੁੰਦਾ ਹੈ ਜਿਸ ਤੋਂ ਬਾਅਦ ਦਿੱਲੀ ਲੰਦਨ ਵਿਚਾਲੇ ਰੋਜ਼ ਦੋ ਉਡਾਣਾਂ ਚਲਾਏਗੀ। ਪੁਰੀ ਨੇ ਕਿਹਾ, 'ਅਸੀਂ ਜਰਮਨੀ ਨੂੰ ਵੀ ਬੇਨਤੀ ਕੀਤੀ ਹੈ। ਮੈਨੂੰ ਲਗਦਾ ਹੈ ਕਿ ਲਫ਼ਤਾਂਸਾ ਨਾਲ ਸਮਝੌਤਾ ਲਗਭਗ ਖ਼ਤਮ ਹੋਣ ਵਾਲਾ ਹੈ। ਅਸੀਂ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਨ ਦੀ ਕਵਾਇਦ ਵਿਚ ਹਾਂ।' ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੀ ਕਾਫ਼ੀ ਮੰਗ ਆ ਰਹੀ ਹੈ ਪਰ ਸਾਨੂੰ ਸਾਵਧਾਨ ਰਹਿਣਾ ਪਵੇਗਾ। ਓਨੀਆਂ ਹੀ ਉਡਾਣਾਂ ਦੀ ਆਗਿਆ ਦੇਣੀ ਪਵੇਗੀ ਜਿਹੜੀਆਂ ਅਸੀਂ ਆਸਾਨੀ ਨਾਲ ਚਲਾ ਸਕਦੇ ਹਾਂ। ਸਮਝੌਤੇ ਤਹਿਤ ਭਾਰਤ ਤੋਂ ਏਅਰ ਇੰਡੀਆ ਦੇ ਜਹਾਜ਼ ਫ਼ਰਾਂਸ ਅਤੇ ਅਮਰੀਕਾ ਲਈ ਉਡਾਣ ਭਰਨਗੇ। (ਏਜੰਸੀ)