ਕੋਰੋਨਾ ਤੋਂ ਸਿਰਫ਼ ਭਗਵਾਨ ਹੀ ਸਾਨੂੰ ਬਚਾ ਸਕਦੇ ਹਨ : ਕਰਨਾਟਕ ਦਾ ਸਿਹਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਸਨਮੁਖ ਰਾਜ ਦੇ ਸਿਹਤ ਮੰਤਰੀ ਬੀ ਸ੍ਰੀਰਾਮੁਲੁ ਨੇ ਕਿਹਾ ਕਿ ਰਾਜ ਨੂੰ ਸਿਰਫ਼ ਭਗਵਾਨ ਹੀ ਬਚਾ ਸਕਦੇ ਹਨ।

Coronavirus

ਬੰਗਲੌਰ, 16 ਜੁਲਾਈ : ਕਰਨਾਟਕ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਸਨਮੁਖ ਰਾਜ ਦੇ ਸਿਹਤ ਮੰਤਰੀ ਬੀ ਸ੍ਰੀਰਾਮੁਲੁ ਨੇ ਕਿਹਾ ਕਿ ਰਾਜ ਨੂੰ ਸਿਰਫ਼ ਭਗਵਾਨ ਹੀ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।  ਰਾਜ ਸਰਕਾਰ ਦੇ ਕੋਰੋਨਾ ਵਾਇਰਸ ਫੈਲਾਅ ਨੂੰ ਰੋਕਣ ਵਿਚ ਨਾਕਾਮ ਰਹਿਣ ਦੇ ਕਾਂਗਰਸ ਦੇ ਦੋਸ਼ਾਂ ਮਗਰੋਂ ਚਿਤਰਦੁਰਗ ਵਿਚ ਬੁਧਵਾਰ ਨੂੰ ਮੰਤਰੀ ਨੇ ਇਹ ਬਿਆਨ ਦਿਤਾ। ਮੰਤਰੀ ਨੇ ਬਾਅਦ ਵਿਚ ਕਿਹਾ ਕਿ ਮੀਡੀਆ ਦੇ ਵਰਗ ਨੇ ਉਸ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ।

ਸ੍ਰੀਰਾਮੁਲੁ ਨੇ ਪੱਤਰਕਾਰਾਂ ਨੂੰ ਕਿਹਾ, 'ਦੱਸੋ ਮਹਾਂਮਾਰੀ ਨੂੰ ਕੰਟਰੋਲ ਕਰਨ ਦਾ ਕਿਸ ਦਾ ਕੰਮ ਹੈ। ਕੇਵਲ ਭਗਵਾਨ ਹੀ ਸਾਨੂੰ ਬਚਾ ਸਕਦੇ ਹਨ। ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨਾ ਹੀ ਇਕੋ ਇਕ ਉਪਾਅ ਹੈ। ਅਜਿਹੀ ਹਾਲਤ ਵਿਚ, ਕਾਂਗਰਸ ਦੇ ਆਗੂ ਰਾਜਨੀਤੀ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਚੁੱਕੇ ਹਨ। ਇਹ ਕਿਸੇ ਲਈ ਠੀਕ ਨਹੀਂ।'

 ਸ੍ਰੀਰਾਮੁਲੁ ਕਾਂਗਰਸ ਪ੍ਰਦੇਸ਼ ਪ੍ਰਧਾਨ ਡੀ ਕੇ ਸ਼ਿਵ ਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਸਿਧਾਰਮਈਆ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ਮੁਤਾਬਕ ਸ੍ਰੀਰਾਮੁਲੁ ਅਤੇ ਮੈਡੀਕਲ ਐਜੂਕੇਸ਼ਨ ਮੰਤਰੀ ਡਾ. ਕੇ ਸੁਧਾਕਰ ਵਿਚਾਲੇ ਤਾਲਮੇਲ ਨਾ ਹੋਣ ਨਾਲ ਰਾਜ ਸਰਕਾਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਨਾਕਾਮ ਰਹੀ ਹੈ। ਕਰਨਾਟਕ ਦੇ ਸਿਹਤ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਅਗਲੇ ਦੋ ਮਹੀਨੇ ਬੇਹੱਦ ਚੌਕਸ ਰਹਿਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚ ਭੇਦਭਾਵ ਨਹੀਂ ਕਰਦੀ। ਸ੍ਰੀਰਾਮੁਲੁ ਨੇ ਬੁਧਵਾਰ ਨੂੰ ਦਿਤੇ ਅਪਣੇ ਬਿਆਨ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮਤਲਬ ਇਹ ਸੀ ਕਿ ਜਦ ਤਕ ਕੋਵਿਡ-19 ਦਾ ਟੀਕਾ ਨਹੀਂ ਬਣ ਜਾਂਦਾ ਤਦ ਤਕ ਭਗਵਾਨ ਹੀ ਸਾਡੀ ਰਾਖੀ ਕਰ ਸਕਦੇ ਹਨ। (ਏਜੰਸੀ)