ਲਦਾਖ਼ ਰੇੜਕਾ : ਫ਼ੌਜੀਆਂ ਦੇ ਪਿੱਛੇ ਹਟਣ ਦੀ ਕਵਾਇਦ ਗੁੰਝਲਦਾਰ, ਲਗਾਤਾਰ ਅਮਲ ਦੀ ਲੋੜ : ਭਾਰਤੀ ਫ਼ੌਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਹਾਂ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਨੇ ਕੀਤੀ ਗੱਲਬਾਤ

Photo

ਨਵੀਂ ਦਿੱਲੀ, 16 ਜੁਲਾਈ : ਭਾਰਤ ਅਤੇ ਚੀਨ ਵਿਚਾਲੇ ਚੌਥੇ ਗੇੜ ਦੀ ਫ਼ੌਜੀ ਗੱਲਬਾਤ ਮਗਰੋਂ ਭਾਰਤੀ ਫ਼ੌਜ ਨੇ ਵੀਰਵਾਰ ਨੂੰ ਕਿਹਾ ਕਿ ਪੂਰਬੀ ਲਦਾਖ਼ ਵਿਚ ਫ਼ੌਜੀਆਂ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਦੀ ਕਵਾਇਦ ਗੁੰਝਲਦਾਰ ਹੈ ਅਤੇ ਇਸ ਨੂੰ ਲਗਾਤਾਰ ਲਾਗੂ ਕਰਨ ਦੀ ਲੋੜ ਹੈ। 

  ਫ਼ੌਜ ਨੇ ਕਿਹਾ ਕਿ ਭਾਰਤ ਅਤੇ ਚੀਨ ਫ਼ੌਜ ਦੇ ਸੀਨੀਅਰ ਕਮਾਂਡਰਾਂ ਨੇ ਪੂਰਬੀ ਲਦਾਖ਼ ਵਿਚ ਪਿੱਛੇ ਹਟਣ ਦੇ ਪਹਿਲੇ ਗੇੜ ਦੀ ਗੱਲਬਾਤ ਦੇ ਅਮਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਖੇਤਰ ਤੋਂ ਫ਼ੌਜੀਆਂ ਦੀ ਮੁਕੰਮਲ ਵਾਪਸੀ ਯਕੀਨੀ ਕਰਨ ਲਈ ਅਗਲੇ ਕਦਮਾਂ ਬਾਰੇ ਚਰਚਾ ਕੀਤੀ। ਕਮਾਂਡਰਾਂ ਵਿਚਾਲੇ ਚੌਥੇ ਗੇੜ ਦੀ ਗੱਲਬਾਤ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਹੱਦ ਅੰਦਰ ਚੁਸ਼ੁਲ ਵਿਚ ਤੈਅ ਬੈਠਕ ਥਾਂ ’ਤੇ ਮੰਗਲਵਾਰ ਨੂੰ 11 ਵਜੇ ਸ਼ੁਰੂ ਹੋਈ ਅਤੇ ਬੁਧਵਾਰ ਤੜਕੇ ਦੋ ਵਜੇ ਤਕ ਚੱਲੀ। 

ਇਸ ਦੌਰਾਨ ਫ਼ੌਜੀਆਂ ਦੀ ਵਾਪਸੀ ਦੀ ਔਖੀ ਕਵਾਇਦ ਦੇ ਤੌਰ-ਤਰੀਕਿਆਂ ਬਾਰੇ ਚਰਚਾ ਕੀਤੀ ਗਈ। ਭਾਰਤੀ ਫ਼ੌਜ ਨੇ ਬਿਆਨ ਜਾਰੀ ਕਰ ਕੇ ਕਿਹਾ, ‘ਸੀਨੀਅਰ ਕਮਾਂਡਰਾਂ ਨੇ ਪੂਰਬੀ ਲਦਾਖ਼ ਵਿਚ ਪਿੱਛੇ ਹਟਣ ਦੇ ਪਹਿਲੇ ਗੇੜ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ।’ ਬਿਆਨ ਮੁਤਾਬਕ ਦੋਹਾਂ ਧਿਰਾਂ ਪੂਰੀ ਤਰ੍ਹਾਂ ਪਿੱਟੇ ਹਟਣ ਦੇ ਉਦੇਸ਼ ਪ੍ਰਤੀ ਵਚਨਬੱਧ ਹਨ।

ਇਹ ਕਵਾਇਦ ਜਟਿਲ ਹੈ ਅਤੇ ਇਸ ਨੂੰ ਲਗਾਤਾਰ ਲਾਗੂ ਕਰਨ ਦੀ ਲੋੜ ਹੈ। ਉਹ ਨਿਯਮਿਤ ਕੂਟਨੀਤਕ ਅਤੇ ਫ਼ੌਜੀ ਪੱਧਰ ਦੀ ਗੱਲਬਾਤ ਜ਼ਰੀਏ ਅੱਗੇ ਵਧ ਰਹੇ ਹਨ।’ ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜੋ ਲੇਹ ਵਿਚ 14ਵੀਂ ਕੋਰ ਦੇ ਕਮਾਂਡਰ ਹਨ ਜਦਕਿ ਚੀਨੀ ਧਿਰ ਦੀ ਅਗਵਾਈ ਮੇਜਰ ਜਨਰਲ ਲਿਯੂ ਲਿਨ ਨੇ ਕੀਤੀ ਜੋ ਦਖਦੀ ਸ਼ਿੰਜਿਯਾਂਗ ਫ਼ੌਜੀ ਖੇਤਰ ਦੇ ਕਮਾਂਡਰ ਹਨ। (ਏਜੰਸੀ)