ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਤਾਮਿਲਨਾਡੂ ਸਰਕਾਰ ਦੇ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਦੇ ਟਿਕਾਣਿਆਂ ’ਤੇ ED ਦੀ ਛਾਪੇਮਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਪਾਰਟੀਆਂ ਵਲੋਂ ਸਖ਼ਤ ਨਿੰਦਾ

photo

 

ਨਵੀਂ ਦਿੱਲੀ/ਚੇਨਈ: ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਦ੍ਰਵਿੜ ਮੁਨੇਤਰ ਕਸ਼ਗਮ (ਡੀ.ਐਮ.ਕੇ.) ਦੇ ਆਗੂ ਅਤੇ ਤਾਮਿਲਨਾਡੂ ਦੇ ਉੱਚ ਸਿਖਿਆ ਮੰਤਰੀ ਦੇ ਪੋਨਮੁਡੀ ਅਤੇ ਉਨ੍ਹਾਂ ਦੇ ਪੁੱਤਰ ਅਤੇ ਸੰਸਦ ਮੈਂਬਰ ਗੌਤਮ ਸਿਗਮਨੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਸੂਤਰਾਂ ਨੇ ਦਸਿਆ ਕਿ ਰਾਜਧਾਨੀ ਚੇਨਈ ਤੋਂ ਇਲਾਵਾ ਵਿਲੂਪੁਰਮ ’ਚ ਵੀ ਪਿਤਾ-ਪੁੱਤਰ ਦੇ ਟਿਕਾਣਿਆਂ ’ਤੇ ਤਲਾਸ਼ੀ ਲਈ ਜਾ ਰਹੀ ਹੈ। ਸੱਤਾਧਾਰੀ ਡੀ.ਐਮ.ਕੇ. ਨੇ ਛਾਪੇਮਾਰੀ ਨੂੰ ‘ਸਿਆਸੀ ਬਦਲੇ’ ਦੀ ਕਾਰਵਾਈ ਕਰਾਰ ਦਿਤਾ ਹੈ।

ਉੱਚ ਸਿਖਿਆ ਮੰਤਰੀ ਪੋਨਮੁਡੀ (72) ਵਿਲੂਪੁਰਮ ਜ਼ਿਲ੍ਹੇ ਦੀ ਤਿਰੂਕੋਇਲੂਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਜਦਕਿ ਉਨ੍ਹਾਂ ਦੇ ਪੁੱਤਰ ਸਿਗਮਨੀ ਲੋਕ ਸਭਾ ’ਚ ਕੱਲਾਕੁਰਿਚੀ ਸੀਟ ਦੀ ਪ੍ਰਤੀਨਿਧਗੀ ਕਰ ਰਹੇ ਹਨ।

ਕਾਲੇ ਧਨ ਨੂੰ ਚਿੱਟਾ ਕਰਨ ਦਾ ਇਹ ਮਾਮਲਾ 2007 ਤੋਂ 2011 ਤਕ ਵਰਤੀਆਂ ਗਈਆਂ ਕਥਿਤ ਬੇਨਿਯਮੀਆਂ ਦੇ ਦੋਸ਼ ਲੱਗੇ ਸਨ ਅਤੇ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 28 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਸੂਬਾ ਪੁਲਿਸ ਨੇ ਮੰਤਰੀ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਵਿਰੁਧ ਕਥਿਤ ਭ੍ਰਿਸ਼ਟਾਚਾਰ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਇਕ ਸ਼ਿਕਾਇਤ ਦਰਜ ਕੀਤੀ ਸੀ। ਇਸ ਤੋਂ ਬਾਅਦ ਸਿਗਮਨੀ ਨੇ ਰਾਹਤ ਲਈ ਮਦਰਾਸ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਸੀ, ਪਰ ਜੂਨ ’ਚ ਅਦਾਲਤ ਨੇ ਸੁਣਵਾਈ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿਤਾ ਸੀ।

ਮੰਤਰੀ ’ਤੇ ਅਪਣੇ ਪੁੱਤਰ ਅਤੇ ਪ੍ਰਵਾਰ ਦੇ ਹੋਰਨਾਂ ਜੀਆਂ ਲਈ ਮਾਈਨਿੰਗ ਲਾਇਸੈਂਸ ਪ੍ਰਾਪਤ ਕਰਨ ਅਤੇ ਲਾਇਸੈਂਸਧਾਰਕਾਂ ’ਤੇ ਤੈਅ ਹੱਦ ਤੋਂ ਵੱਧ ਰੇਤ ਕੱਢਣ ਦਾ ਦੋਸ਼ ਹੈ।ਈ.ਡੀ. ਨੇ ਇਹ ਛਾਪੇਮਾਰੀ ਉਸ ਦਿਨ ਕੀਤੀ ਹੈ, ਜਦੋਂ ਡੀ.ਐਮ.ਕੇ. ਮੁਖੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਬੇਂਗਲੁਰੂ ’ਚ ਕਾਂਗਰਸ ਵਲੋਂ ਸਦੀ ਵਿਰੋਧੀ ਪਾਰਟੀਆਂ ਦੀ ਬੈਠਕ ’ਚ ਹਿੱਸਾ ਲੈਣ ਵਾਲੇ ਹਨ। ਸੱਤਾਧਾਰੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸਟਾਲਿਨ ਦੀ ਅਗਵਾਈ ’ਚ ਡੀ.ਐਮ.ਕੇ. ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਈ.ਡੀ. ਵਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਉਦੇਸ਼ ਪਾਰਟੀ ਨੂੰ ‘ਡਰਾਉਣਾ’ ਹੈ।ਡੀ.ਐਮ.ਕੇ. ਦੇ ਬੁਲਾਰੇ ਏ. ਸਰਵਨ ਨੇ ਕਿਹਾ, ‘‘ਇਹ ਸਿਆਸੀ ਬਦਲੇ ਦੀ ਕਾਰਵਾਈ ਹੈ ਅਤੇ ਇਸ ਦਾ ਉਦੇਸ਼ ਡੀ.ਐਮ.ਕੇ. ਦੇ ਸੰਕਲਪ ਨੂੰ ਤੋੜਨਾ ਹੈ।’’

ਉਨ੍ਹਾਂ ਦੋਸ਼ ਲਾਇਆ ਕਿ ਗੁਟਖਾ ਘਪਲੇ ਵਰਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਆਲ ਇੰਡੀਆ ਅੰਨਾ ਡੀ.ਐਮ.ਕੇ. ਦੇ ਆਗੂਆਂ ਵਿਰੁਧ ਕੇਂਦਰੀ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਈ.ਡੀ. ਨੇ ਪਿੱਛੇ ਜਿਹੇ ਹੀ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਕੈਬਨਿਟ ਮੰਤਰੀ ਸੇਂਥਿਲ ਬਾਲਾਜੀ ’ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ। ਇਸ ਤੋਂ ਪਹਿਲਾਂ, ਆਵਾਜਾਈ ਮੰਤਰੀ ਸੇਂਥਿਲ ਬਾਲਾਜੀ ਨੂੰ ਕਥਿਤ ਨੌਕਰੀ ਬਦਲੇ ਨਕਦ ਰਕਮ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
 

ਵਿਰੋਧੀ ਪਾਰਟੀਆਂ ਨੂੰ ਵੰਡਣ ਲਈ ਹੋ ਰਹੀ ਈ.ਡੀ. ਦੀ ਕਾਰਵਾਈ, ਸਾਰੀਆਂ ਪਾਰਟੀਆਂ ਇਕਜੁਟ : ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਈ.ਡੀ. ਵਲੋਂ ਤਾਮਿਲਨਾਡੂ ਦੇ ਉੱਚ ਸਿਖਿਆ ਮੰਤਰੀ ਪੋਨਮੁਡੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਇਹ ਸਭ ਡਰਾਉਣ-ਧਮਕਾਉਣ ਅਤੇ ਵਿਰੋਧੀ ਪਾਰਟੀਆਂ ਨੂੰ ਵੰਡਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਡਰਨ ਵਾਲੀਆਂ ਨਹੀਂ ਹਨ ਅਤੇ ਉਹ ਭਾਰਤੀ ਜਨਤਾ ਪਾਰਟੀ ਦੀ ਇਸ ਬਦਲੇ ਦੀ ਸਿਆਸਤ ਵਿਰੁਧ ਇਕਜੁਟ ਹਨ। ਉਨ੍ਹਾਂ ਇਕ ਟਵੀਟ ’ਚ ਕਿਹਾ, ‘‘ਸਾਰੀ ਸਾਂਝੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਮੋਦੀ ਸਰਕਾਰ ਦੀ ਬਦਲੇ ਦੀ ਸਿਆਸਤ ਵਿਰੁਧ ਇਕਜੁਟ ਹਨ ਅਤੇ ਲੋਕਤੰਤਰ ਨੂੰ ਦਰੜਨ ਦੀਆਂ ਇਨ੍ਹਾਂ ਦੀਆਂ ਤਰਕੀਬਾਂ ਤੋਂ ਅਸੀਂ ਬਿਲਕੁਲ ਨਹੀਂ ਡਰਾਂਗੇ।’’

ਕੇਂਦਰ ਸਾਰੀਆਂ ਪਾਰਟੀਆਂ ਨੂੰ ਤੋੜਨ ਅਤੇ ਡਰਾਉਣ ਦੀ ਕੋਸ਼ਿਸ਼ ਕਰ ਰਿਹੈ : ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਤਮਿਲਨਾਡੂ ਦੇ ਉੱਚ ਸਿਖਿਆ ਮੰਤਰੀ ਦੇ ਪੋਨਮੁਡੀ ਅਤੇ ਉਸ ਦੇ ਪੁੱਤਰ ਅਤੇ ਸੰਸਦ ਮੈਂਬਰ ਗੌਤਮ ਸਿਗਮਾਨੀ ਦੇ ਟਿਕਾਣਿਆਂ ’ਤੇ ਕੀਤੀ ਈ.ਡੀ. ਦੀ ਛਾਪੇਮਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਪਾਰਟੀਆਂ ਨੂੰ ਤੋੜਨ ਅਤੇ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ‘‘ਤਾਮਿਲਨਾਡੂ ਦੇ ਸਿਖਿਆ ਮੰਤਰੀ ਵਿਰੁਧ ਈ.ਡੀ. ਦੀ ਛਾਪੇਮਾਰੀ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ। ਕੇਂਦਰ ਈ.ਡੀ. ਦੀ ਮਦਦ ਨਾਲ ਸਾਰੀਆਂ ਪਾਰਟੀਆਂ ਨੂੰ ਤੋੜਨ ਅਤੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਈ.ਡੀ. ਜ਼ਰੀਏ ਭਾਰਤ ਵਰਗੇ ਵਿਸ਼ਾਲ ਦੇਸ਼ ਨੂੰ ਡਰਾ ਜਾਂ ਕੰਟਰੋਲ ਨਹੀਂ ਕਰ ਸਕਦੇ।’’