ਭੋਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦੇ ਬੈਟਰੀ ਬਾਕਸ 'ਚ ਲੱਗੀ ਅੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਨੀ ਨੁਕਸਾਨ ਤੋਂ ਬਚਾਅ 

Fire breaks out in battery box of Bhopal-Delhi Vande Bharat Express

ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਨਵੀਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਦੀ ਬੋਗੀ ਦੇ ਬੈਟਰੀ ਬਾਕਸ ਵਿਚ ਸੋਮਵਾਰ ਸਵੇਰੇ ਅੱਗ ਲੱਗ ਗਈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਬੋਗੀ ਵਿਚ 37 ਯਾਤਰੀ ਸਵਾਰ ਸਨ ਅਤੇ ਉਨ੍ਹਾਂ ਨੂੰ ਤੁਰਤ ਦੂਜੀ ਬੋਗੀ ਵਿਚ ਭੇਜ ਦਿਤਾ ਗਿਆ।

ਅਧਿਕਾਰੀ ਨੇ ਦਸਿਆ ਕਿ ਬਾਅਦ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਮੁਰੰਮਤ ਕੀਤੀ ਗਈ। ਤਿੰਨ ਘੰਟੇ ਤੋਂ ਵੱਧ ਰੁਕਣ ਤੋਂ ਬਾਅਦ ਰੇਲਗੱਡੀ ਨੇ ਅਪਣਾ ਅਗਲਾ ਸਫ਼ਰ ਸ਼ੁਰੂ ਕੀਤਾ। ਪੱਛਮੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਰਾਹੁਲ ਸ਼੍ਰੀਵਾਸਤਵ ਨੇ ਦਸਿਆ ਕਿ ਰਾਣੀ ਕਮਲਾਪਤੀ-ਹਜ਼ਰਤ ਨਿਜ਼ਾਮੂਦੀਨ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਸਵੇਰੇ 5.40 ਵਜੇ ਭੋਪਾਲ ਤੋਂ ਰਵਾਨਾ ਹੋਈ।

ਇਹ ਵੀ ਪੜ੍ਹੋ: ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿਚ ਤੈਨਾਤ ਹੋਵੇਗਾ ਸੜਕ ਸੁਰੱਖਿਆ ਬਲ

ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, ''ਜਦੋਂ ਇਹ ਕਲਹਾਰ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਸਟੇਸ਼ਨ ਮੈਨੇਜਰ ਨੇ ਸੀ-14 ਬੋਗੀ ਦੇ ਬੈਟਰੀ ਬਾਕਸ 'ਚੋਂ ਧੂੰਆਂ ਨਿਕਲਦਾ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਕੁਰਵਾਈ-ਕਥੋਰਾ ਸਟੇਸ਼ਨ 'ਤੇ ਟਰੇਨ ਨੂੰ ਰੋਕ ਦਿਤਾ ਗਿਆ।''
ਉਨ੍ਹਾਂ ਦੇ ਦੱਸਣ ਮੁਤਾਬਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵਲੋਂ ਸਵੇਰੇ 8 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ ਗਿਆ। ਅਧਿਕਾਰੀ ਨੇ ਦਸਿਆ ਕਿ ਬੈਟਰੀ ਬਾਕਸ ਯਾਤਰੀਆਂ ਦੀਆਂ ਸੀਟਾਂ ਤੋਂ ਕਾਫੀ ਦੂਰੀ 'ਤੇ ਬੋਗੀ ਦੇ ਹੇਠਾਂ ਸਥਿਤ ਹੈ। ਇਕ ਵਾਰ ਜਦੋਂ ਬੈਟਰੀ ਬਾਕਸ ਨੂੰ ਅੱਗ ਲੱਗੀ ਤਾਂ ਬਿਜਲੀ ਸੁਰੱਖਿਆ ਪ੍ਰਣਾਲੀ ਨੇ ਇਸ ਤੋਂ ਬੈਟਰੀਆਂ ਨੂੰ ਡਿਸਕਨੈਕਟ ਕਰ ਦਿਤਾ। ਉਨ੍ਹਾਂ ਦਸਿਆ ਕਿ ਬੈਟਰੀਆਂ ਨੂੰ ਹਟਾ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਰੇਲਵੇ ਕਰਮਚਾਰੀਆਂ ਦੁਆਰਾ ਮੁਰੰਮਤ ਦਾ ਕੰਮ ਕਰਨ ਤੋਂ ਬਾਅਦ ਸਵੇਰੇ 10.15 ਵਜੇ ਰੇਲਗੱਡੀ ਨੇ ਅਪਣੀ ਅਗਲੀ ਯਾਤਰਾ ਮੁੜ ਸ਼ੁਰੂ ਕੀਤੀ।

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਜੇ ਸਿੰਘ, ਜੋ ਇਸ ਟਰੇਨ 'ਚ ਗਵਾਲੀਅਰ ਜਾ ਰਹੇ ਸਨ, ਨੇ ਕਿਹਾ ਕਿ ਅੱਗ ਲੱਗਣ ਦਾ ਪਤਾ ਲੱਗਦੇ ਹੀ ਟਰੇਨ ਨੂੰ ਰੋਕ ਦਿਤਾ ਗਿਆ। ਉਨ੍ਹਾਂ ਦਸਿਆ, "ਲੋਕ ਇਹ ਦੇਖਣ ਲਈ ਹੇਠਾਂ ਆਏ ਕਿ ਕੀ ਹੋਇਆ। ਸਾਰੇ ਯਾਤਰੀ ਸੁਰੱਖਿਅਤ ਹਨ। ਕਰੀਬ ਸਾਢੇ ਤਿੰਨ ਘੰਟੇ ਰੁਕਣ ਤੋਂ ਬਾਅਦ ਟਰੇਨ ਉਥੋਂ ਰਵਾਨਾ ਹੋਈ।'' ਦਸਣਯੋਗ ਹੈ ਕਿ ਇਸ ਸਾਲ 1 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਰਾਣੀ ਕਮਲਾਪਤੀ ਸਟੇਸ਼ਨ ਅਤੇ ਹਜ਼ਰਤ ਨਿਜ਼ਾਮੂਦੀਨ ਵਿਚਕਾਰ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਹ ਟਰੇਨ ਸ਼ਨੀਵਾਰ ਨੂੰ ਛੱਡ ਕੇ ਹਫ਼ਤੇ ਵਿਚ ਛੇ ਦਿਨ ਚੱਲਦੀ ਹੈ।