ਹਿਮਾਂਤਾ ਦੀ ‘ਮੀਆਂ’ ਸਬੰਧੀ ਟਿਪਣੀ: ਸੀ.ਪੀ.ਆਈ (ਐਮ) ਅਤੇ ਰਾਜ ਸਭਾ ਮੈਂਬਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਤ੍ਰਿਣਮੂਲ ਨੇ ਚੀਫ਼ ਜਸਟਿਸ ਨੂੰ ਕਾਰਵਾਈ ਦੀ ਮੰਗ ਕੀਤੀ
ਗੁਹਾਟੀ: ਸੀ.ਪੀ.ਆਈ (ਐਮ) ਅਤੇ ਰਾਜ ਸਭਾ ਦੇ ਇਕ ਆਜ਼ਾਦ ਮੈਂਬਰ ਨੇ ਸੋਮਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਦੋਸ਼ ਲਾਇਆ ਗਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨੇ ਇਕ ਦਿਨ ਪਹਿਲਾਂ ‘ਮੀਆਂ’ ਲੋਕਾਂ ਵਿਰੁਧ ‘ਨਫਰਤੀ ਭਾਸ਼ਣ’ ਦਿਤਾ ਹੈ।
ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੀ ਅਸਾਮ ਇਕਾਈ ਨੇ ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖ ਕੇ ‘ਮੀਆਂ’ ਭਾਈਚਾਰੇ ਵਿਰੁਧ ਟਿਪਣੀ ਲਈ ਸ਼ਰਮਾ ਵਿਰੁਧ ਕਾਨੂੰਨੀ ਕਾਰਵਾਈ ਦੀ ਬੇਨਤੀ ਕੀਤੀ।
ਅਸਾਮ ਦੇ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਲਈ ‘ਮੀਆਂ’ ਸ਼ਬਦ ਵਰਤਿਆ ਜਾਂਦਾ ਹੈ।
ਪਿਛਲੇ ਹਫ਼ਤੇ ਗੁਹਾਟੀ ’ਚ ਸਬਜ਼ੀਆਂ ਦੀ ਜ਼ਿਆਦਾ ਕੀਮਤ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਸ਼ਰਮਾ ਨੇ ਕਿਹਾ ਸੀ, ‘‘ਪਿੰਡਾਂ ’ਚ ਸਬਜ਼ੀਆਂ ਦੀ ਕੀਮਤ ਇੰਨੀ ਜ਼ਿਆਦਾ ਨਹੀਂ ਹੈ। ਇੱਥੋਂ ਦੇ ਮੀਆਂ ਦੁਕਾਨਦਾਰ ਸਾਡੇ ਤੋਂ ਵੱਧ ਪੈਸੇ ਵਸੂਲਦੇ ਹਨ। ਜੇਕਰ ਉਹ ਆਸਾਮੀ ਹੁੰਦਾ ਤਾਂ ਉਹ ਸਬਜ਼ੀਆਂ ਵੇਚ ਰਿਹਾ ਹੁੰਦਾ, ਅਪਣੇ ਹੀ ਲੋਕਾਂ ਨੂੰ ਲੁਟਦਾ ਨਹੀਂ।’’ ਉਨ੍ਹਾਂ ਕਥਿਤ ਤੌਰ ’ਤੇ ਕਿਹਾ, ‘‘ਮੈਂ ਗੁਹਾਟੀ ਦੇ ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਾਂਗਾ, ਮੈਂ ਸਾਡੇ ਅਸਾਮੀ ਲੋਕਾਂ ਨੂੰ ਅੱਗੇ ਆਉਣ ਅਤੇ ਅਪਣਾ ਕਾਰੋਬਾਰ ਸ਼ੁਰੂ ਕਰਨ ਦੀ ਅਪੀਲ ਕਰਦਾ ਹਾਂ।’’
ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏ.ਆਈ.ਯੂ.ਡੀ.ਐੱਫ.) ਪਾਰਟੀ ਦੇ ਮੁਖੀ ਬਦਰੂਦੀਨ ਅਜਮਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਟਿਪਣੀ ਤੋਂ ‘ਮੀਆਂ’ ਨੂੰ ਢਾਹ ਲੱਗੀ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਇਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਏ.ਆਈ.ਯੂ.ਡੀ.ਐਫ ਦੀ ‘ਫਿਰਕੂ ਰਾਜਨੀਤੀ’ ਕਰਨ ਦੀ ’ਚ ਮਿਲੀਭੁਗਤ ਹੈ।
‘ਮੀਆਂ’ ਮੂਲ ਰੂਪ ’ਚ ਅਸਾਮ ’ਚ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਲਈ ਵਰਤਿਆ ਜਾਣ ਵਾਲਾ ਅਪਮਾਨਜਨਕ ਸ਼ਬਦ ਹੈ। ਅਸਾਮ ਤੋਂ ਰਾਜ ਸਭਾ ਦੇ ਆਜ਼ਾਦ ਮੈਂਬਰ ਅਜੀਤ ਭੁਈਆਂ ਨੇ ਕਿਹਾ ਕਿ ਉਨ੍ਹਾਂ ਨੇ ‘ਸੂਬੇ ਦੇ ਸੰਵਿਧਾਨਕ ਕਾਰਜਕਰਤਾਵਾਂ ਵਲੋਂ ਦਿਤੇ ਗਏ ਕੁਝ ਬਿਆਨਾਂ, ਜੋ ਸਪੱਸ਼ਟ ਤੌਰ ’ਤੇ ਇਕ ਵਿਸ਼ੇਸ਼ ਭਾਈਚਾਰੇ ਵਿਰੁਧ ਨਫ਼ਰਤ ਭਰੇ ਭਾਸ਼ਣ ਦੇ ਬਰਾਬਰ ਹਨ’ ਦੇ ਵਿਰੁਧ ਇੱਥੇ ਦਿਸਪੁਰ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ।
ਭੂਈਆਂ ਨੇ ਦਾਅਵਾ ਕੀਤਾ ਕਿ ਅਜਿਹੀਆਂ ਟਿਪਣੀਆਂ ਦਾ ਉਦੇਸ਼ ਸੂਬੇ ’ਚ ਵੱਖ-ਵੱਖ ਭਾਈਚਾਰਿਆਂ ’ਚ ਵੰਡੀਆਂ ਪੈਦਾ ਕਰਨਾ ਸੀ ਅਤੇ ਇਹ ਰਾਸ਼ਟਰੀ ਏਕਤਾ ਲਈ ਨੁਕਸਾਨਦੇਹ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਬਿਆਨ ਨੂੰ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਦੁਹਰਾਇਆ ਹੈ। ਭੂਈਆ ਨੇ ਕਿਹਾ ਕਿ ਬਿਆਨ ’ਤੇ ਡੂੰਘਾਈ ਨਾਲ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਦਾ ਉਦੇਸ਼ ਧਰਮ ਅਤੇ ਨਸਲ ਦੇ ਆਧਾਰ ’ਤੇ ਵੱਖ-ਵੱਖ ਸਮੂਹਾਂ ਵਿਚਕਾਰ ਮਤਭੇਦ ਨੂੰ ਵਧਾਉਣਾ ਸੀ।
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਸ਼ਰਮਾ ਵਿਰੁਧ ਸ਼ਹਿਰ ਦੇ ਲਤਾਸਿਲ ਪੁਲਿਸ ਸਟੇਸ਼ਨ ’ਚ "ਦੋ ਧਾਰਮਿਕ ਭਾਈਚਾਰਿਆਂ ਵਿਚਕਾਰ ਵੰਡ ਅਤੇ ਤਣਾਅ ਪੈਦਾ ਕਰਨ ਦੇ ਮਨਸੂਬੇ ਨਾਲ ਫਿਰਕੂ ਲੀਹਾਂ 'ਤੇ ਨਫ਼ਰਤ ਭਰੇ ਭਾਸ਼ਣ ਦੇਣ" ਲਈ ਸ਼ਿਕਾਇਤ ਦਰਜ ਕਰਵਾਈ ਹੈ।
ਪਾਰਟੀ ਨੇ ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ (ਏਆਈਯੂਡੀਐਫ) ਦੇ ਮੁਖੀ ਅਤੇ ਲੋਕ ਸਭਾ ਮੈਂਬਰ ਬਦਰੂਦੀਨ ਅਜਮਲ ਨੂੰ ਵੀ ਯੂਨੀਫਾਰਮ ਸਿਵਲ ਕੋਡ (ਯੂਸੀਸੀ) 'ਤੇ ਟਿੱਪਣੀ ਕਰਦੇ ਹੋਏ "ਨਫ਼ਰਤ ਭਰਿਆ ਭਾਸ਼ਣ" ਦੇਣ ਲਈ ਸ਼ਿਕਾਇਤ ’ਚ ਨਾਮਜ਼ਦ ਕੀਤਾ ਗਿਆ ਹੈ। ਪਾਰਟੀ ਨੇ ਆਪਣੇ ਸੂਬਾ ਸਕੱਤਰ ਸੁਪ੍ਰਕਾਸ਼ ਤਾਲੁਕਦਾਰ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਇਸ਼ਫਾਕੁਰ ਰਹਿਮਾਨ ਦੁਆਰਾ ਦਸਤਖਤ ਕੀਤੀ ਸ਼ਿਕਾਇਤ ’ਚ ਅਜਮਲ 'ਤੇ "ਨਫ਼ਰਤ ਭਰਿਆ ਭਾਸ਼ਣ" ਦੇਣ ਦਾ ਵੀ ਦੋਸ਼ ਲਗਾਇਆ ਹੈ।
ਨਫ਼ਰਤ ਭਰੇ ਭਾਸ਼ਣਾਂ ਵਿਰੁਧ ਕੇਸਾਂ ’ਚ ਸੁਪਰੀਮ ਕੋਰਟ ਵਲੋਂ ਹਾਲ ਹੀ ’ਚ ਸੁਣਾਏ ਹੁਕਮਾਂ ਦਾ ਹਵਾਲਾ ਦਿੰਦੇ ਹੋਏ, ਭੂਈਆ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਦੇ ਤਹਿਤ ਸ਼ਰਮਾ ਵਿਰੁਧ ਕੇਸ ਦਰਜ ਕਰਨ ਅਤੇ ‘ਜਾਂਚ ਅਤੇ ਕਾਰਵਾਈ ਕਰਨ’ ਦੀ ਮੰਗ ਕੀਤੀ।
ਸੂਤਰਾਂ ਨੇ ਦਸਿਆ ਕਿ ਦਿਸਪੁਰ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ, ਪਰ ਅਜੇ ਤਕ ਮੁੱਖ ਮੰਤਰੀ ਵਿਰੁਧ ਐਫ਼.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਲਿਖੇ ਇਕ ਚਿੱਠੀ ’ਚ ਤ੍ਰਿਣਮੂਲ ਕਾਂਗਰਸ ਦੀ ਅਸਾਮ ਇਕਾਈ ਦੇ ਪ੍ਰਧਾਨ ਰਿਪੁਨ ਬੋਰਾ ਨੇ ਸ਼ਰਮਾ ਅਤੇ ਅਸਮ ਸਰਕਾਰ ਤੋਂ ‘ਮੀਆਂ’ ਲੋਕਾਂ ਵਿਰੁਧ ਉਸ ਦੇ ‘ਨਫ਼ਰਤ ਭਰੇ ਭਾਸ਼ਣ’ ਲਈ ਸਵੈ-ਮੋਟੋ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਰਮਾ ਦਾ ਬਿਆਨ ‘ਨਾ ਸਿਰਫ਼ ਲੋਕਾਂ ਦੇ ਇਕ ਵਰਗ ਨੂੰ ਭੜਕਾਉਂਦਾ ਹੈ, ਸਗੋਂ ਫਿਰਕੂ ਨਫ਼ਰਤ ਵੀ ਪੈਦਾ ਕਰ ਸਕਦਾ ਹੈ।’