ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ’ਤੇ ਮੁਕਾਬਲੇ ’ਚ 12 ਨਕਸਲੀ ਹਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਰੇ ਗਏ ਨਕਸਲੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ

Representative Image.

ਗੜ੍ਹਚਿਰੌਲੀ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਬੁਧਵਾਰ ਨੂੰ ਪੁਲਿਸ ਅਤੇ ਕਮਾਂਡੋਜ਼ ਵਿਚਾਲੇ ਮੁਕਾਬਲੇ ’ਚ ਘੱਟੋ-ਘੱਟ 12 ਨਕਸਲੀ ਮਾਰੇ ਗਏ ਅਤੇ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 

ਗੜ੍ਹਚਿਰੌਲੀ ਦੇ ਪੁਲਿਸ ਸੁਪਰਡੈਂਟ ਨੀਲੋਤਪਾਲ ਨੇ ਦਸਿਆ ਕਿ ਦੁਪਹਿਰ ਨੂੰ ਵੰਡੋਲੀ ਪਿੰਡ ’ਚ ਸੀ-60 ਕਮਾਂਡੋਜ਼ ਅਤੇ ਨਕਸਲੀਆਂ ਦਰਮਿਆਨ ਭਾਰੀ ਗੋਲੀਬਾਰੀ ਹੋਈ ਅਤੇ ਮੁਕਾਬਲਾ ਲਗਭਗ ਛੇ ਘੰਟੇ ਤਕ ਚੱਲਿਆ। 

ਉਨ੍ਹਾਂ ਦਸਿਆ ਕਿ ਪੁਲਿਸ ਨੇ ਮੁਕਾਬਲੇ ਵਾਲੀ ਥਾਂ ਤੋਂ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਤਿੰਨ ਏ.ਕੇ.-47, ਦੋ ਇੰਸਾਸ ਰਾਈਫਲਾਂ, ਸੱਤ ਆਟੋਮੈਟਿਕ ਹਥਿਆਰ, ਕਾਰਬਾਇਨ ਅਤੇ ਐਸਐਲਆਰ ਜ਼ਬਤ ਕੀਤੇ ਗਏ ਹਨ। 

ਨੀਲੋਤਪਾਲ ਨੇ ਦਸਿਆ ਕਿ ਮਾਰੇ ਗਏ ਨਕਸਲੀਆਂ ਵਿਚੋਂ ਇਕ ਦੀ ਪਛਾਣ ਡਿਵੀਜ਼ਨਲ ਕਮੇਟੀ ਮੈਂਬਰ (ਡੀ.ਵੀ.ਸੀ.ਐਮ.) ਲਕਸ਼ਮਣ ਅਤਰਾਮ ਉਰਫ ਵਿਸ਼ਾਲ ਅਤਰਾਮ ਵਜੋਂ ਹੋਈ ਹੈ, ਜੋ ਪਾਬੰਦੀਸ਼ੁਦਾ ਸੰਗਠਨ ਵਿਚ ਤਿਪਗੜ ਦਲਮ ਦਾ ਇੰਚਾਰਜ ਸੀ। 

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਸੀ 60 ਕਮਾਂਡੋ ਟੀਮ ਅਤੇ ਗੜ੍ਹਚਿਰੌਲੀ ਪੁਲਿਸ ਨੂੰ ਸਫਲਤਾ ਲਈ 51 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਖਮੀਆਂ ’ਚ ਸੀ-60 ਦਾ ਇਕ ਸਬ-ਇੰਸਪੈਕਟਰ ਅਤੇ ਇਕ ਜਵਾਨ ਸ਼ਾਮਲ ਹੈ। ਉਹ ਖਤਰੇ ਤੋਂ ਬਾਹਰ ਹਨ, ਉਨ੍ਹਾਂ ਨੂੰ ਮੌਕੇ ਤੋਂ ਕੱਢ ਕੇ ਨਾਗਪੁਰ ਭੇਜ ਦਿਤਾ ਗਿਆ ਹੈ।