ਨੇਪਾਲ ਤੇ ਭਾਰਤ ਵਿਚਾਲੇ ਉੱਚ ਪਧਰੀ ਮੀਟਿੰਗ, ਭਾਰਤੀ ਮਦਦ ਨਾਲ ਚਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਸਫ਼ੀਰ ਵਿਜੇ ਮੋਹਨ ਕਵਾਤਰਾ ਨੇ ਕੀਤੀ ਵਫ਼ਦ ਦੀ ਅਗਵਾਈ

India-Nepal Meetings

ਕਾਠਮਾਂਡੂ : ਭਾਰਤ ਅਤੇ ਨੇਪਾਲ ਦੇ ਸਿਖਰਲੇ ਅਧਿਕਾਰੀਆਂ ਨੇ ਸੋਮਵਾਰ ਨੂੰ ਡਿਜ਼ੀਟਲ ਬੈਠਕ ਕਰ ਕੇ ਭਾਰਤ ਦੀ ਮਦਦ ਨਾਲ ਨੇਪਾਲ ਵਿਚ ਚਲ ਰਹੇ ਵਿਕਾਸ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦੀ ਰਫ਼ਤਾਰ ਦੀ ਸਮੀਖਿਆ ਕੀਤੀ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਅਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿਤੀ ਸੀ ਜਿਸ ਤੋਂ ਬਾਅਦ ਇਹ ਬੈਠਕ ਹੋਈ ਹੈ।

ਨੇਪਾਲ ਨੇ ਮਈ ਵਿਚ ਨਵਾਂ ਭੂਗੋਲਕ ਨਕਸ਼ਾ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿਚ ਤਲਖ਼ੀ ਆਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪਧਰੀ ਵਾਰਤਾ ਹੈ।

ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ ਨੇਪਾਲੀ ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ ਅਤੇ ਨੇਪਾਲ ਵਿਚ ਭਾਰਤੀ ਸਫ਼ੀਰ ਵਿਜੇ ਮੋਹਨ ਕਵਾਤਰਾ ਨੇ ਇਸ ਸਮੀਖਿਆ ਬੈਠਕ ਵਿਚ ਅਪਣੇ ਅਪਣੇ ਦੇਸ਼ ਦੇ ਵਫ਼ਦ ਦੀ ਅਗਵਾਈ ਕੀਤੀ।

ਸੂਤਰਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚਲਦੇ ਡਿਜ਼ੀਟਲ ਲਿੰਕ ਰਾਹੀਂ ਹੋਈ ਇਸ ਬੈਠਕ ਵਿਚ ਨੇਪਾਲ ਵਿਚ ਭਾਰਤ ਦੀ ਮਦਦ ਨਾਲ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ।

 ਭਾਰਤ ਦੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ 8 ਮਈ ਨੂੰ ਉਤਰਾਖੰਡ ਦੇ ਧਾਰਚੁਲਾ ਨੂੰ ਪਿਪੁਲੇਖ ਦਰੇ ਨਾਲ ਜੋੜਨ ਵਾਲੀ ਮਹੱਤਵਪੂਰਨ 80 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ ਸੀ, ਜਿਸ ਤੋਂ ਬਾਅਦ ਸੜਕ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਵਿਚ ਤਣਾਅ ਪੈਦਾ ਹੋ ਗਿਆ ਸੀ। ਨੇਪਾਲ ਨੇ ਇਸ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਸੜਕ ਉਸ ਦੇ ਖੇਤਰ ਵਿਚੋਂ ਹੋ ਕੇ ਲੰਘਦੀ ਹੈ, ਜਿਸ ਤੋਂ ਬਾਅਦ ਨੇਪਾਲ ਨੇ ਨਵਾਂ ਨਕਸ਼ਾ ਜਾਰੀ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।