ਚੰਦਰਯਾਨ-3 ਲਈ ਵੱਡਾ ਕਦਮ, ਪੁਲਾੜ ਯਾਨ ਤੋਂ ਵੱਖ ਹੋਇਆ ਲੈਂਡਰ 'ਵਿਕਰਮ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰੋਪਲਸ਼ਨ ਤੋਂ ਵੱਖ ਹੋਣ ਤੋਂ ਬਾਅਦ, ਲੈਂਡਰ ਦੀ ਸ਼ੁਰੂਆਤੀ ਜਾਂਚ ਹੋਵੇਗੀ।

Chandrayaan-3’s Vikram lander separates from propulsion module

ਨਵੀਂ ਦਿੱਲੀ - ਭਾਰਤ ਦਾ ਅਭਿਲਾਸ਼ੀ ਚੰਦਰਮਾ ਮਿਸ਼ਨ ਚੰਦਰਯਾਨ 3 ਅੱਜ ਇੱਕ ਮਹੱਤਵਪੂਰਨ ਮੀਲ ਪੱਥਰ 'ਤੇ ਪਹੁੰਚ ਗਿਆ ਹੈ। ਲੈਂਡਰ ਵਿਕਰਮ ਨੂੰ ਪੁਲਾੜ ਯਾਨ ਤੋਂ ਸਫਲਤਾਪੂਰਵਕ ਵੱਖ ਕਰ ਲਿਆ ਗਿਆ ਹੈ। ਇਸਰੋ ਮੁਤਾਬਕ- ਹੁਣ 23 ਅਗਸਤ ਨੂੰ ਸ਼ਾਮ 5.45 ਵਜੇ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲਾਂ ਚੰਦਰਯਾਨ 3 ਨੇ ਪੰਜਵੇਂ ਅਤੇ ਆਖਰੀ ਪੰਧ 'ਚ ਸਫਲਤਾਪੂਰਵਕ ਪ੍ਰਵੇਸ਼ ਕੀਤਾ ਸੀ। 

ਲੈਂਡਿੰਗ ਤੋਂ ਬਾਅਦ ਲੈਂਡਰ ਤੋਂ ਇੱਕ ਛੇ ਪਹੀਆ ਰੋਵਰ ਬਾਹਰ ਆਵੇਗਾ, ਜੋ ਇੱਕ ਚੰਦਰ ਦਿਨ ਅਰਥਾਤ ਧਰਤੀ ਦੇ 14 ਦਿਨਾਂ ਤੱਕ ਉੱਥੇ ਪ੍ਰਯੋਗ ਕਰੇਗਾ। ਇਸ ਦੇ ਨਾਲ ਹੀ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਭਾਰਤ ਦਾ ਚੰਦਰਯਾਨ 3 ਅਤੇ ਰੂਸ ਦਾ ਲੂਨਾ-25 ਕਿਹੜਾ ਮਿਸ਼ਨ ਚੰਦ 'ਤੇ ਸਭ ਤੋਂ ਪਹਿਲਾਂ ਉਤਰੇਗਾ।

ਪ੍ਰੋਪਲਸ਼ਨ ਤੋਂ ਵੱਖ ਹੋਣ ਤੋਂ ਬਾਅਦ, ਲੈਂਡਰ ਦੀ ਸ਼ੁਰੂਆਤੀ ਜਾਂਚ ਹੋਵੇਗੀ। ਇਸਰੋ ਦਾ ਕਹਿਣਾ ਹੈ ਕਿ ਲੈਂਡਰ ਵਿਚ ਚਾਰ ਮੁੱਖ ਥਰਸਟਰ ਹਨ ਜੋ ਇਸ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੇ ਯੋਗ ਬਣਾਉਣਗੇ ਹੋਰ ਸੈਂਸਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸਰੋ ਨੇ ਕਿਹਾ ਕਿ ਇੱਥੋਂ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਵਾਹਨ ਦੀ ਸਾਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਹਾਲ ਹੀ ਵਿਚ ਕਿਹਾ ਸੀ ਕਿ ਲੈਂਡਿੰਗ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਲੈਂਡਰ ਦੇ ਵੇਗ ਨੂੰ 30 ਕਿਲੋਮੀਟਰ ਦੀ ਉਚਾਈ ਤੋਂ ਅੰਤਿਮ ਲੈਂਡਿੰਗ ਤੱਕ ਲਿਆਉਣ ਦੀ ਪ੍ਰਕਿਰਿਆ ਹੈ ਅਤੇ ਵਾਹਨ ਨੂੰ ਹੌਰੀਜੌਂਟਲ ਤੋਂ ਵਰਟੀਕਲ ਤੱਕ ਲਿਜਾਣ ਦੀ ਸਮਰੱਥਾ "ਪ੍ਰਕਿਰਿਆ ਹੈ ਜਿੱਥੇ ਸਾਨੂੰ ਅਪਣੀ ਸਮਰੱਥਾ" ਦਿਖਾਉਣੀ ਹੋਵੇਗੀ। 

ਸੋਮਨਾਥ ਨੇ ਕਿਹਾ ਕਿ "ਲੈਂਡਿੰਗ ਪ੍ਰਕਿਰਿਆ ਦੀ ਸ਼ੁਰੂਆਤ ਵਿਚ ਵੇਗ ਲਗਭਗ 1.68 ਕਿਲੋਮੀਟਰ ਪ੍ਰਤੀ ਸੈਕਿੰਡ ਹੈ, ਪਰ ਇਹ ਗਤੀ ਚੰਦਰਮਾ ਦੀ ਸਤ੍ਹਾ ਤੱਕ ਹੌਰੀਜੌਟਲ ਹੈ। ਇੱਥੇ ਚੰਦਰਯਾਨ-3 ਲਗਭਗ 90 ਡਿਗਰੀ ਝੁਕਿਆ ਹੋਇਆ ਹੈ, ਇਸ ਨੂੰ ਲੰਬਕਾਰੀ ਬਣਾਉਣਾ ਹੋਵੇਗਾ। ਲੇਟਵੇਂ ਤੋਂ ਲੰਬਕਾਰੀ ਦਿਸ਼ਾ ਬਦਲਣ ਦੀ ਇਹ ਪੂਰੀ ਪ੍ਰਕਿਰਿਆ ਗਣਿਤਿਕ ਤੌਰ 'ਤੇ ਬਹੁਤ ਦਿਲਚਸਪ ਗਣਨਾ ਹੈ। ਅਸੀਂ ਇਸ ਪ੍ਰਕਿਰਿਆ ਨੂੰ ਕਈ ਵਾਰ ਦੁਹਰਾਇਆ ਹੈ। ਇਹ ਉਹ ਥਾਂ ਹੈ ਜਿੱਥੇ ਸਾਨੂੰ ਪਿਛਲੀ ਵਾਰ (ਚੰਦਰਯਾਨ-2) ਵਿੱਚ ਸਮੱਸਿਆ ਆਈ ਸੀ।  

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਬਾਲਣ ਦੀ ਖਪਤ ਘੱਟ ਹੋਵੇ, ਦੂਰੀ ਦੀ ਗਣਨਾ ਸਹੀ ਹੋਵੇ ਅਤੇ ਗਣਿਤ ਦੇ ਸਾਰੇ ਮਾਪਦੰਡ ਸਹੀ ਹੋਣ। ਸੋਮਨਾਥ ਨੇ ਕਿਹਾ ਕਿ ਵਿਆਪਕ ਸਿਮੂਲੇਸ਼ਨ (ਅਭਿਆਸ) ਕੀਤੇ ਗਏ ਹਨ, ਮਾਰਗਦਰਸ਼ਨ ਡਿਜ਼ਾਈਨ ਬਦਲੇ ਗਏ ਹਨ। ਲੋੜੀਂਦੀ ਪ੍ਰਕਿਰਿਆ ਨੂੰ ਨਿਯੰਤਰਿਤ ਕਰਨ ਅਤੇ ਇੱਕ ਨਿਰਪੱਖ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਨ ਲਈ ਇਹਨਾਂ ਸਾਰੇ ਪੜਾਵਾਂ 'ਤੇ ਬਹੁਤ ਸਾਰੇ ਐਲਗੋਰਿਦਮ ਲਗਾਏ ਗਏ ਹਨ।