ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਨਾਲ ਕਈ ਸੜਕਾਂ ਬੰਦ, ਸੇਬ ਦੇ ਬਾਗ ਵੀ ਨੁਕਸਾਨੇ
ਸਿਰਮੌਰ ਅਤੇ ਚੰਬਾ ਜ਼ਿਲ੍ਹਿਆਂ ’ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸੇਬ ਉਗਾਉਣ ਵਾਲੇ ਇਲਾਕੇ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਰੋਹੜੂ-ਰਾਮਪੁਰ ਸੜਕ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ ’ਚ ਬੀਤੀ ਦੇਰ ਰਾਤ ਬੱਦਲ ਫਟਣ ਕਾਰਨ ਕੌਮੀ ਰਾਜ ਮਾਰਗ-5 ਸਮੇਤ 132 ਸੜਕਾਂ ਬੰਦ ਹੋ ਗਈਆਂ।
ਉਨ੍ਹਾਂ ਕਿਹਾ ਕਿ ਕਿੰਨੌਰ ’ਚ ਨੇਗੁਲਸਰੀ ਸਲਾਈਡਿੰਗ ਪੁਆਇੰਟ ਨੇੜੇ ਜ਼ਮੀਨ ਖਿਸਕਣ ਕਾਰਨ ਖੇਤਰ ਸ਼ਿਮਲਾ ਜ਼ਿਲ੍ਹੇ ਤੋਂ ਕੱਟਿਆ ਗਿਆ ਸੀ। ਜ਼ਮੀਨ ਖਿਸਕਣ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਸਿਰਮੌਰ ਅਤੇ ਚੰਬਾ ਜ਼ਿਲ੍ਹਿਆਂ ’ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਸੜਕਾਂ ਬੰਦ ਹੋਣ ਦੀਆਂ ਵੀ ਖਬਰਾਂ ਹਨ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦਸਿਆ ਕਿ ਰਾਮਪੁਰ ਦੀ ਟਕਲੋਪਚ ਪੰਚਾਇਤ ’ਚ ਬੱਦਲ ਫਟਣ ਕਾਰਨ ਕਈ ਬਾਗ-ਬਗੀਚੇ ਤਬਾਹ ਹੋ ਗਏ ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਨੁਕਸਾਨੀਆਂ ਗਈਆਂ ਸੜਕਾਂ ਦੀ ਮੁਰੰਮਤ ਅਤੇ ਪਾਣੀ ਅਤੇ ਬਿਜਲੀ ਸਪਲਾਈ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅਧਿਕਾਰੀ ਨੇ ਦਸਿਆ ਕਿ ਖੋਲਟੀ ਨਾਲੇ ਨੇੜੇ ਰਾਮਪੁਰ-ਰੋਹੜੂ ਸੜਕ ਕਈ ਥਾਵਾਂ ’ਤੇ ਨੁਕਸਾਨੀ ਗਈ ਅਤੇ ਇਕ ਪੁਲ ਵਹਿ ਗਿਆ।
ਪਿੰਡ ਦੇ ਵਸਨੀਕ ਸੰਜੇ ਕੁਮਾਰ ਨੇ ਕਿਹਾ ਕਿ ਕਿਸਾਨ, ਖਾਸ ਕਰ ਕੇ ਸੇਬ ਉਤਪਾਦਕ ਚਿੰਤਤ ਹਨ ਕਿ ਵਾਢੀ ਦਾ ਮੌਸਮ ਆ ਗਿਆ ਹੈ ਅਤੇ ਸੇਬ ਦੀ ਫਸਲ ਨੂੰ ਮੰਡੀ ਤਕ ਪਹੁੰਚਾਉਣਾ ਮੁਸ਼ਕਲ ਹੋ ਜਾਵੇਗਾ। ਸ਼ਿਮਲਾ ਦੇ ਪੁਲਿਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦਸਿਆ ਕਿ ਨੁਕਸਾਨੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੇ ਹੁਕਮ ਦਿਤੇ ਗਏ ਹਨ ਤਾਂ ਜੋ ਸੇਬ ਉਤਪਾਦਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦਸਿਆ ਕਿ ਸ਼ਿਮਲਾ ’ਚ 72, ਮੰਡੀ ’ਚ 31, ਕਾਂਗੜਾ ’ਚ 9, ਕੁਲ ੂ ’ਚ 8, ਕਿੰਨੌਰ ’ਚ 4, ਸਿਰਮੌਰ ’ਚ 3, ਚੰਬਾ ’ਚ 2 ਅਤੇ ਹਮੀਰਪੁਰ, ਊਨਾ ਅਤੇ ਲਾਹੌਲ ਅਤੇ ਸਪੀਤੀ ਜ਼ਿਲ੍ਹਿਆਂ ’ਚ ਇਕ-ਇਕ ਸੜਕ ਬੰਦ ਹੈ। 31 ਜੁਲਾਈ ਤੋਂ ਬਾਅਦ ਰਾਮਪੁਰ ਖੇਤਰ ’ਚ ਬੱਦਲ ਫਟਣ ਦੀ ਇਹ ਦੂਜੀ ਵੱਡੀ ਘਟਨਾ ਹੈ।