Karnataka CM Siddaramaiah : 'ਮੈਂ ਕੋਈ ਗਲਤ ਕੰਮ ਨਹੀਂ ਕੀਤਾ', ਸਿਧਾਰਮਈਆ ਦਾ CM ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਸਰਕਾਰ ਡੇਗਣ ਦੀ ਸਾਜ਼ਿਸ਼

Karnataka CM Siddaramaiah

Karnataka CM Siddaramaiah : ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਮੈਸੂਰੂ ਸ਼ਹਿਰੀ ਵਿਕਾਸ ਅਥਾਰਟੀ (ਐੱਮ.ਯੂ.ਡੀ.ਏ.) ਪਲਾਟ ਅਲਾਟਮੈਂਟ ਘਪਲੇ ਦੇ ਸਬੰਧ ’ਚ ਰਾਜਪਾਲ ਵਲੋਂ ਉਨ੍ਹਾਂ ’ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਨਿਚਰਵਾਰ ਨੂੰ ਅਸਤੀਫਾ ਦੇਣ ਤੋਂ ਇਨਕਾਰ ਕਰ ਦਿਤਾ।

 ਸਿਧਾਰਮਈਆ ਨੇ ਰਾਜਪਾਲ ਥਾਵਰਚੰਦ ਗਹਿਲੋਤ ਦੇ ਫੈਸਲੇ ਨੂੰ ਸੰਵਿਧਾਨ ਵਿਰੋਧੀ ਅਤੇ ਕਾਨੂੰਨ ਦੇ ਵਿਰੁਧ ਦਸਿਆ । ਮੁੱਖ ਮੰਤਰੀ ਨੇ ਕਿਹਾ ਕਿ ਉਹ ਅਦਾਲਤ ’ਚ ਕਾਨੂੰਨੀ ਤੌਰ ’ਤੇ ਇਸ ਦਾ ਸਾਹਮਣਾ ਕਰਨਗੇ।

 ਉਨ੍ਹਾਂ ਕਿਹਾ ਕਿ ਇਹ ਚੁਣੀ ਹੋਈ ਸਰਕਾਰ ਨੂੰ ਹਟਾਉਣ ਦੀ ਵੱਡੀ ਸਾਜ਼ਸ਼ ਹੈ। ਉਨ੍ਹਾਂ (ਭਾਜਪਾ) ਨੇ ਦਿੱਲੀ, ਝਾਰਖੰਡ ਸਮੇਤ ਕਈ ਸੂਬਿਆਂ ’ਚ ਅਜਿਹਾ ਕੀਤਾ ਹੈ। ਕਰਨਾਟਕ ’ਚ ਵੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ। ਕੇਂਦਰ ਸਰਕਾਰ, ਭਾਜਪਾ, ਜਨਤਾ ਦਲ (ਐਸ) ਅਤੇ ਹੋਰ ਇਸ ਸਾਜ਼ਸ਼ ’ਚ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਮੇਰੇ ਨਾਲ ਹੈ, ਪੂਰੀ ਕੈਬਨਿਟ ਅਤੇ ਸਰਕਾਰ ਮੇਰੇ ਨਾਲ ਹੈ। ਕਾਂਗਰਸ ਦੇ ਸਾਰੇ ਵਿਧਾਇਕ, ਐਮਐਲਸੀ, ਲੋਕ ਸਭਾ ਅਤੇ ਰਾਜ ਸਭਾ ਮੈਂਬਰ ਮੇਰੇ ਨਾਲ ਹਨ। ਮੈਂ ਅਜਿਹਾ ਕੁੱਝ ਵੀ ਗਲਤ ਨਹੀਂ ਕੀਤਾ ਜਿਸ ਨਾਲ ਅਸਤੀਫਾ ਦੇਣ ਦੀ ਲੋੜ ਹੋਵੇ।

ਵਿਰੋਧੀ ਪਾਰਟੀਆਂ ’ਤੇ ਗਲਤ ਕੰਮ ਕਰਨ ਅਤੇ ਗੈਰ-ਕਾਨੂੰਨੀ ਅਤੇ ਸੰਵਿਧਾਨ ਵਿਰੋਧੀ ਕਦਮ ਚੁੱਕਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਰਾਜ ਭਵਨ ਨੂੰ ਸਿਆਸੀ ਮੋਹਰੇ ਵਜੋਂ ਵਰਤ ਰਹੇ ਹਨ। ਰਾਜਪਾਲ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਵਾਂਗ ਕੰਮ ਕਰ ਰਹੇ ਹਨ।