ਨਵੇਂ ਸਾਲ ‘ਤੇ ਦੇਸ਼ ਵਿਚ ਉਪਲਬਧ ਹੋ ਸਕਦੀ ਹੈ ਕੋਰੋਨਾ ਵੈਕਸੀਨ, ਸੰਸਦ ਵਿਚ ਬੋਲੇ ਸਿਹਤ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾ. ਹਰਸ਼ਵਰਧਨ ਨੇ ਕਿਹਾ- ਕੇਂਦਰ ਨੇ ਸੂਬਿਆਂ ਨਾਲ ਨਹੀਂ ਕੀਤਾ ਕੋਈ ਭੇਦਭਾਵ

Dr. Harsh Vardhan

ਨਵੀਂ ਦਿੱਲੀ: ਮਾਨਸੂਨ ਇਜਲਾਸ ਦੌਰਾਨ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਭਾਰਤ ਵਿਚ ਨਵੀਂ ਵੈਕਸੀਨ ਲਈ ਪ੍ਰੀਖਣ ਪੜਾਅ 1, ਪੜਾਅ 2 ਅਤੇ ਪੜਾਅ 3 ਵਿਚ ਪਹੁੰਚ ਗਏ ਹਨ। 

ਉਹਨਾਂ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ਵਿਚ ਇਕ ਮਾਹਰ ਗਰੁੱਪ ਇਸ ਦਾ ਅਧਿਐਨ ਕਰ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਭਾਰਤ ਵਿਚ ਵੈਕਸੀਨ ਉਪਲਬਧ ਹੋ ਜਾਣੀ ਚਾਹੀਦੀ ਹੈ। ਅਸੀਂ ਵਿਸ਼ਵ ਸਿਹਤ ਸੰਗਠਨ ਨਾਲ ਵੀ ਤਾਲਮੇਲ ਕਰ ਰਹੇ ਹਾਂ’।

ਉਹਨਾਂ ਨੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਦੀ ਦਿਸ਼ਾ ਵਿਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ੁਰੂਆਤ ਵਿਚ ਇਕ ਹੀ ਟੈਸਟਿੰਗ ਲੈਬ ਦੀ ਸਹੂਲਤ ਸੀ ਪਰ ਉਸ ਨੂੰ ਹੁਣ 1700 ਤੱਕ ਪਹੁੰਚਾ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਦੇਸ਼ ਵਿਚ ਅੱਜ ਪੀਪੀਈ ਕਿੱਟ ਬਣਾਉਣ ਵਾਲੀਆਂ 110 ਕੰਪਨੀਆਂ ਹੋ ਚੁੱਕੀਆਂ ਹਨ।

ਦੇਸ਼ ਵਿਚ ਵੈਂਟੀਲੇਟਰ ਉਤਪਾਦਕਾਂ ਦੀ ਗਿਣਤੀ ਵੀ ਵਧ ਕੇ 25 ਹੋ ਚੁੱਕੀ ਹੈ। ਐਨ 95 ਮਾਸਕ ਦੇ ਵੀ 10 ਵੱਡੇ ਉਤਪਾਦਕ ਹੋ ਗਏ ਹਨ। ਇਸ ਤੋਂ ਪਹਿਲਾਂ ਦੇਸ਼ ਨੂੰ ਵੈਂਟੀਲੇਟਰ ਲਈ ਦਰਾਮਦ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਦੀ ਵੀ ਸੂਬਿਆਂ ਨਾਲ ਕੋਈ ਭੇਦਭਾਵ ਨਹੀਂ ਕੀਤਾ।

ਹਾਲਾਂਕਿ ਉਹਨਾਂ ਮੰਨਿਆ ਕਿ ਲੌਕਡਾਊਨ ਕਾਰਨ ਕੁਝ ਸਮੇਂ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਤਕਲੀਫ਼ ਹੋਈ ਪਰ ਗ੍ਰਹਿ ਮੰਤਰਾਲੇ ਨੇ ਸਮੇਂ ‘ਤੇ ਪਹਿਲ ਕਰਦੇ ਹੋਏ ਕਰੀਬ 64 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਟਰੇਨਾਂ ਜ਼ਰੀਏ ਉਹਨਾਂ ਦੇ ਗ੍ਰਹਿ ਰਾਜ ਵਿਖੇ ਪਹੁੰਚਾਇਆ। ਉਹਨਾਂ ਕਿਹਾ ਕਿ ਭਾਰਤ ਵਿਚ ਕੋਰੋਨਾ ਨਾਲ ਮੌਤ ਦਰ ਪੂਰੀ ਦੁਨੀਆਂ ਵਿਚ ਸਭ ਤੋਂ ਘੱਟ ਹੈ।