ਰਾਜ ਸਭਾ ‘ਚ ਚੀਨ ਮਾਮਲੇ ‘ਤੇ ਬੋਲੇ ਰੱਖਿਆ ਮੰਤਰੀ- ਭਾਰਤ ਵੱਡੇ ਤੋਂ ਵੱਡਾ ਕਦਮ ਚੁੱਕਣ ਲਈ ਤਿਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਚੀਨ ਦੀਆਂ ਗਤੀਵਿਧੀਆਂ ਨੇ ਸਾਫ ਕੀਤਾ ਕਥਨੀ ਅਤੇ ਕਰਨੀ ਵਿਚ ਅੰਤਰ’

Rajnath Singh

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਦੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਸਭਾ ਵਿਚ ਭਾਰਤ-ਚੀਨ ਸਰਹੱਦ ‘ਤੇ ਤਾਜ਼ਾ ਹਲਾਤਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨੇ ਲਦਾਖ ਵਿਚ ਕਰੀਬ 38 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ।

ਰਾਜਨਾਥ ਸਿੰਘ ਨੇ ਸਾਫ ਕੀਤਾ ਕਿ ਚੀਨ ਦੇ ਨਾਲ ਰਿਸ਼ਤੇ ਵਧਾਏ ਜਾ ਸਕਦੇ ਹਨ ਅਤੇ ਸਰਹੱਦ ‘ਤੇ ਤਣਾਅ ਸਬੰਧੀ ਵੀ ਗੱਲਬਾਤ ਹੋ ਸਕਦੀ ਹੈ ਪਰ ਸਰਹੱਦ ‘ਤੇ ਤਣਾਅ ਦਾ ਅਸਰ ਰਿਸ਼ਤਿਆਂ ‘ਤੇ ਪਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਦੀਆਂ ਗਤੀਵਿਧੀਆਂ ਨਾਲ ਸਾਫ ਹੁੰਦਾ ਹੈ ਕਿ ਉਸ ਦੀ ਕਥਨੀ ਅਤੇ ਕਰਨੀ ਵਿਚ ਅੰਤਰ ਹੈ।

ਉਹਨਾਂ ਕਿਹਾ ਕਿ ਇਸ ਦਾ ਸਬੂਤ ਇਹ ਹੈ ਕਿ ਗੱਲਬਾਤ ਦੇ ਬਾਵਜੂਦ ਚੀਨ ਵੱਲੋਂ 29-30 ਅਗਸਤ ਨੂੰ ਭੜਕਾਉਣ ਵਾਲੀ ਕਾਰਵਾਈ ਕੀਤੀ ਗਈ। ਸਦਨ ਵਿਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨੇ ਦੋਵੇਂ ਦੇਸ਼ਾਂ ਵਿਚਕਾਰ 1993 ਅਤੇ 1996 ਵਿਚ ਹੋਏ ਸਮਝੌਤਿਆਂ ਦਾ ਉਲੰਘਣ ਕੀਤਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ‘ਸਦਨ ਨੂੰ ਜਾਣਕਾਰੀ ਹੈ ਕਿ ਪਿਛਲੇ ਕਈ ਦਹਾਕਿਆਂ ਵਿਚ ਚੀਨ ਨੇ ਵੱਡੇ ਪੱਧਰ ‘ਤੇ ਨਿਰਮਾਣ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਸਰਹੱਦੀ ਇਲਾਕਿਆਂ ਵਿਚ ਉਹਨਾਂ ਦੀ ਵਿਕਾਸ ਸਮਰੱਥਾ ਵਧੀ ਹੈ। ਇਸ ਦੇ ਜਵਾਬ ਵਿਚ ਸਾਡੀ ਸਰਕਾਰ ਨੇ ਵੀ ਸਰਹੱਦੀ ਇਲਾਕਿਆਂ ਦਾ ਬਜਟ ਵਧਾਇਆ ਹੈ, ਜੋ ਪਹਿਲਾਂ ਨਾਲੋਂ ਲਗਭਗ ਦੁੱਗਣਾ ਹੋਇਆ ਹੈ’।

ਰਾਜਨਾਥ ਸਿੰਘ ਨੇ ਰਾਜਸਭਾ ਵਿਚ ਚੀਨ ਨੂੰ ਸਾਫ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਭਾਰਤ ਗੱਲਬਾਤ ਦੇ ਪੱਖ ਵਿਚ ਹੈ ਪਰ ਝੁਕਣ ਵਾਲਿਆਂ ਵਿਚੋਂ ਨਹੀਂ ਹੈ।  ਉਹਨਾਂ ਕਿਹਾ ਕਿ ਚੀਨ ਨੇ ਸਰਹੱਦ ‘ਤੇ ਜਵਾਨਾਂ ਦੀ ਭਾਰੀ ਤਾਇਨਾਤੀ ਕੀਤੀ ਹੈ ਅਤੇ ਗੋਲਾ-ਬਾਰੂਦ ਇਕੱਠੇ ਕੀਤੇ ਹਨ। ਉਹਨਾਂ ਚੀਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਦੀ ਸੁਰੱਖਿਆ ਲਈ ਉਹ ਵੱਡੇ ਤੋਂ ਵੱਡਾ ਕਦਮ ਚੁੱਕਣ ਲਈ ਤਿਆਰ ਹਨ।