ਮਹਾਰਾਸ਼ਟਰ ਅਤੇ ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ ਚਾਰ ਨਕਸਲੀ ਹਲਾਕ
ਮਹਾਰਾਸ਼ਟਰ ’ਚ ਮੁਕਾਬਲੇ ਦੌਰਾਨ ਦੋ ਮਹਿਲਾ ਨਕਸਲੀਆਂ ਦੀ ਮੌਤ
ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਬੁਧਵਾਰ ਨੂੰ ਪੁਲਿਸ ਨਾਲ ਮੁਕਾਬਲੇ ’ਚ ਇਕ ਨਕਸਲੀ ਮਹਿਲਾ ‘ਕਮਾਂਡਰ’ ਅਤੇ ਇਕ ਏਰੀਆ ਕਮੇਟੀ ਦੀ ਮੈਂਬਰ ਪੁਲਿਸ ਨਾਲ ਮੁਕਾਬਲੇ ’ਚ ਮਾਰੀਆਂ ਗਈਆਂ। ਦੋਹਾਂ ਦੇ ਸਿਰ ਉਤੇ ਕੁੱਲ ਮਿਲਾ ਕੇ 14 ਲੱਖ ਰੁਪਏ ਦਾ ਇਨਾਮ ਸੀ।
ਮਾਰੇ ਗਏ ਨਕਸਲੀਆਂ ਦੀ ਪਛਾਣ ਗੱਟਾ ਐਲ.ਓ.ਐਸ. ਦੀ ‘ਕਮਾਂਡਰ’ ਸੁਮਿੱਤਰਾ ਉਰਫ ਸੁਨੀਤਾ ਵੇਲਾਡੀ (38) ਅਤੇ ਲਲਿਤਾ ਉਰਫ ਲਾਡੋ ਕੋਰਸਾ (34) ਵਜੋਂ ਹੋਈ ਹੈ, ਜੋ ਏ.ਸੀ.ਐਮ. ਵਜੋਂ ਕੰਮ ਕਰ ਰਹੀ ਸੀ। ਵੇਲਾਡੀ ਦੇ ਸਿਰ ਉਤੇ 8 ਲੱਖ ਰੁਪਏ ਦਾ ਇਨਾਮ ਸੀ ਅਤੇ ਉਸ ਦੇ ਵਿਰੁਧ 31 ਕੇਸ ਵਿਚਾਰ ਅਧੀਨ ਸਨ, ਜਿਨ੍ਹਾਂ ਵਿਚ ਐਨਕਾਊਂਟਰ ਦੇ 14 ਅਤੇ ਕਤਲ ਦੇ 12 ਕੇਸ ਸ਼ਾਮਲ ਹਨ।
ਛੱਤੀਸਗੜ੍ਹ ਦੀ ਰਹਿਣ ਵਾਲੇ ਕੋਰਸਾ ਉਤੇ 6 ਲੱਖ ਰੁਪਏ ਦਾ ਇਨਾਮ ਸੀ। ਗੜ੍ਹਚਿਰੌਲੀ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਉਸ ਦੇ ਵਿਰੁਧ ਮੁਕਾਬਲੇ ਅਤੇ ਕਤਲ ਸਮੇਤ 14 ਮਾਮਲੇ ਦਰਜ ਹਨ। ਮੁਕਾਬਲੇ ਮਗਰੋਂ ਤਲਾਸ਼ੀ ਦੌਰਾਨ ਦੋ ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਦੇ ਨਾਲ-ਨਾਲ ਇਕ ਏ.ਕੇ.-47 ਰਾਈਫਲ, ਇਕ ਪਿਸਤੌਲ, ਗੋਲਾ ਬਾਰੂਦ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਕਿਹਾ ਕਿ ਗੜ੍ਹਚਿਰੌਲੀ ਵਿਚ 2021 ਤੋਂ ਲੈ ਕੇ ਹੁਣ ਤਕ 93 ਕੱਟੜਪੰਥੀ ਮਾਉਵਾਦੀਆਂ ਨੂੰ ਬੇਅਸਰ ਕੀਤਾ ਗਿਆ ਹੈ, ਜਦਕਿ 130 ਹੋਰ ਗ੍ਰਿਫਤਾਰ ਕੀਤੇ ਗਏ ਹਨ ਅਤੇ 75 ਨੇ ਆਤਮਸਮਰਪਣ ਕਰ ਦਿਤਾ ਹੈ।
ਛੱਤੀਸਗੜ੍ਹ ’ਚ ਸੁਰੱਖਿਆ ਮੁਲਾਜ਼ਮਾਂ ਨਾਲ ਮੁਕਾਬਲੇ ’ਚ ਦੋ ਨਕਸਲੀਆਂ ਦੀ ਮੌਤ
ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਸੁਰੱਖਿਆ ਮੁਲਾਜ਼ਮਾਂ ਨਾਲ ਮੁਕਾਬਲੇ ’ਚ ਦੋ ਨਕਸਲੀਆਂ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜ਼ਿਲ੍ਹੇ ਦੇ ਦਖਣੀ-ਪਛਮੀ ਖੇਤਰ ਦੇ ਜੰਗਲ ’ਚ ਦੁਪਹਿਰ ਕਰੀਬ 3 ਵਜੇ ਗੋਲੀਬਾਰੀ ਹੋਈ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇਕ ਟੀਮ ਨਕਸਲੀ ਵਿਰੋਧੀ ਮੁਹਿੰਮ ’ਚ ਨਿਕਲ ਰਹੀ ਸੀ। ਉਨ੍ਹਾਂ ਦਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹੁਣ ਤਕ ਦੋ ਨਕਸਲੀਆਂ ਦੀਆਂ ਲਾਸ਼ਾਂ, ਇਕ .303 ਰਾਈਫਲ, ਇਕ ਬੈਰਲ ਗ੍ਰੇਨੇਡ ਲਾਂਚਰ, ਵਿਸਫੋਟਕ ਸਮੱਗਰੀ ਅਤੇ ਹੋਰ ਮਾਉਵਾਦੀਆਂ ਨਾਲ ਸਬੰਧਤ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰੁਕ-ਰੁਕ ਕੇ ਗੋਲੀਬਾਰੀ ਦਾ ਆਦਾਨ-ਪ੍ਰਦਾਨ ਅਜੇ ਵੀ ਜਾਰੀ ਹੈ। ਤਾਜ਼ਾ ਕਾਰਵਾਈ ਦੇ ਨਾਲ, ਇਸ ਸਾਲ ਛੱਤੀਸਗੜ੍ਹ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਹੁਣ ਤਕ 246 ਨਕਸਲੀਆਂ ਦੀ ਮੌਤ ਹੋ ਚੁਕੀ ਹੈ।