ਡੰਪਰ ਦੀ ਟੱਕਰ ਨਾਲ ਡੀਟੀਸੀ ਬੱਸ ਪਲਟੀ, 50 ਯਾਤਰੀ ਜ਼ਖਮੀ
ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ, ਉਸਨੂੰ ਇਲਾਜ ਲਈ ਆਈਐਸਬੀਟੀ ਦੇ ਟਰਾਮਾ ਸੈਂਟਰ ਵਿਚ ਭਰਤੀ ਕੀਤਾ ਗਿਆ ਹੈ।
ਨਵੀਂ ਦਿੱਲੀ, ( ਭਾਸ਼ਾ) : ਦਿੱਲੀ ਵਿਚ ਸਵੇਰੇ ਯਾਤਰੀਆਂ ਨਾਲ ਭਰੀ ਹੋਈ ਡੀਟੀਸੀ ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੀ ਡੰਪਰ ਦੀ ਟੱਕਰ ਹੋਣ ਨਾਲ ਉਹ ਪਲਟ ਗਈ। ਇਸ ਨਾਲ ਬੱਸ ਵਿਚ ਸਵਾਰ ਲਗਭਗ 50 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ, ਉਸਨੂੰ ਇਲਾਜ ਲਈ ਆਈਐਸਬੀਟੀ ਦੇ ਟਰਾਮਾ ਸੈਂਟਰ ਵਿਚ ਭਰਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 6 ਹੋਰ ਗੰਭੀਰ ਜ਼ਖਮੀਆਂ ਨੂੰ ਕੈਟਸ ਐਂਬੂਲੇਂਸ ਰਾਹੀ ਅਰੁਣਾ ਆਸਿਫ ਅਲੀ ਹਸਪਤਾਲ ਲਿਜਾਇਆ ਗਿਆ ਹੈ ਤੇ ਇਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਟਰਾਮਾ ਸੈਂਟਰ ਵਿਚ ਵੀ 10 ਲੋਕ ਭਰਤੀ ਕਰਵਾਏ ਗਏ ਹਨ। ਸਾਰਿਆਂ ਨੂੰ ਹਲਕੀਆਂ ਸੱਟਾਂ ਲਗੀਆਂ ਹਨ। ਟਰਾਮਾ ਸੈਂਟਰ ਪ੍ਰਬੰਧਨ ਮੁਤਾਬਕ ਸਾਰਿਆਂ ਨੂੰ ਜਲਦੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਕਈ ਯਾਤਰੀ ਜਿਨ੍ਹਾਂ ਨੂੰ ਹਲਕੀਆਂ ਸੱਟਾਂ ਲਗੀਆਂ ਸਨ, ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਡੀਟੀਸੀ ਦੀ ਬੱਸ ਭਲਸਵਾ ਡੇਰੀ ਤੋਂ ਨਹਿਰੂ ਪਲੇਸ ਰੂਟ ਤੇ ਚਲਦੀ ਹੈ। ਜਿਸ ਵਿਚ ਲਗਭਗ 50 ਯਾਤਰੀ ਸਵਾਰ ਸਨ। ਬੱਸ ਸਵੇਰੇ ਲਗਭਗ 6.15 ਵਜੇ ਵਜ਼ੀਰਾਬਾਦ ਫਲਾਈਓਵਰ ਦੇ ਹੇਠਾਂ ਬਾਹਰੀ ਰਿੰਗ ਰੋਡ ਤੇ ਪਹੁੰਚੀ ਤਾਂ ਇਕ ਤੇਜ਼ ਰਫਤਾਰ ਡੰਪਰ ਨੇ ਉਸਨੂੰ ਟੱਕਰ ਮਾਰ ਦਿਤੀ।
ਪੁਲਿਸ ਡੰਪਰ ਨੰਬਰ ਦੇ ਆਧਾਰ ਤੇ ਚਾਲਕ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਦੌਰਾਨ ਬੱਸ ਯਾਤਰੀਆਂ ਨਾਲ ਪੂਰੀ ਤਰਾਂ ਭਰੀ ਹੋਈ ਸੀ। ਬੱਸ ਦੇ ਪਲਟਦੇ ਹੀ ਬੱਸ ਦੇ ਸ਼ੀਸ਼ੇ ਟੁੱਟ ਗਏ। ਇਸ ਨਾਲ ਬੱਸ ਵਿਚ ਸਵਾਰ ਯਾਤਰੀਆਂ ਨੂੰ ਸੱਟਾਂ ਲਗੀਆਂ ਹਨ। ਦਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਬੱਸ ਕੰਡਕਟਰ ਦੇ ਹੱਥ ਵਿਚ ਗੰਭੀਰ ਸੱਟ ਲਗੀ ਹੈ। ਰੁਝੇਵਿਆਂ ਵਾਲਾ ਸਮਾਂ ਹੋਣ ਕਾਰਨ ਹਾਦਸੇ ਤੋਂ ਬਾਅਦ ਸੜਕ ਤੇ ਭਾਰੀ ਜਾਮ ਲਗ ਗਿਆ ਸੀ। ਪਰ ਦਿੱਲੀ ਪੁਲਿਸ ਨੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰਵਾ ਦਿਤਾ ਹੈ।