ਮੂੰਹ ਨਾਲ ਠਾਹ-ਠਾਹ ਬੋਲ ਕੇ ਇਨਕਾਉਂਟਰ ਕਰਨ ਵਾਲੇ ਐਸਆਈ ਨੂੰ ਮਿਲੇਗਾ 'ਵੀਰਤਾ ਪੁਰਸਕਾਰ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਵਿਭਾਗ ਨੇ ਠਾਹ-ਠਾਹ ਬੋਲ ਕੇ ਇਨਕਾਉਂਟਰ ਕਰਨ ਵਾਲੇ ਇਸ ਸਬ ਇਸੰਪੈਕਟਰ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।

Encounter

ਮੇਰਠ, (ਪੀਟੀਆਈ) :  ਬੀਤੇ ਦਿਨੀ ਉਤਰ ਪ੍ਰਦੇਸ਼ ਪੁਲਿਸ ਦਾ ਇਕ ਵੀਡਿਓ ਵਾਇਰਲ ਹੋਇਆ ਸੀ। ਸੰਭਲ ਜਿਲ੍ਹੇ ਦੇ ਇਸ ਵੀਡੀਓ ਵਿਚ ਪੁਲਿਸ ਦੀ ਪਿਸਤੌਲ ਖਰਾਬ ਹੋਣ ਨਾਲ ਐਸਆਈ ਨੇ ਮੂੰਹ ਨਾਲ ਠਾਹ-ਠਾਹ ਬੋਲ ਕੇ ਇਨਕਾਉਂਟਰ ਕੀਤਾ ਸੀ। ਇਸ ਵੀਡੀਓ ਤੇ ਆਮ ਲੋਕਾਂ ਵੱਲੋਂ ਯੂਪੀ ਪੁਲਿਸ ਦਾ ਮਜ਼ਾਕ ਵੀ ਬਣਾਇਆ ਗਿਆ ਸੀ। ਹੁਣ ਪੁਲਿਸ ਵਿਭਾਗ ਨੇ ਠਾਹ-ਠਾਹ ਬੋਲ ਕੇ ਇਨਕਾਉਂਟਰ ਕਰਨ ਵਾਲੇ ਇਸ ਸਬ ਇਸੰਪੈਕਟਰ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਯੂਪੀ ਪੁਲਿਸ ਦਾ ਮੰਨਣਾ ਹੈ ਕਿ ਥਾਣੇਦਾਰ ਮਨੋਜ ਨੇ ਉਸ ਸਮੇਂ ਉਹ ਕੀਤਾ ਜੋ ਬਹਾਦੁਰੀ ਦਾ ਕੰਮ ਸੀ।

ਇਸ ਲਈ ਉਸਦਾ ਨਾਮ ਬਹਾਦੁਰੀ ਪੁਰਸਕਾਰ ਲਈ ਡੀਜੀਪੀ ਨੂੰ ਭੇਜਿਆ ਜਾਵੇਗਾ। ਐਸਪੀ ਯਮੁਨਾ ਪ੍ਰਸਾਦ ਨੇ ਕਿਹਾ ਕਿ ਮੇਰੇ ਸਹਿਯੋਗੀ ਐਸਆਈ ਮਨੋਜ  ਕੁਮਾਰ ਨੇ ਇਕ ਹੀਰੋ ਦਾ ਕੰਮ ਕੀਤਾ। ਵਿਭਾਗ ਨੇ ਇਸਨੂੰ ਸਾਕਾਰਾਤਮਕ ਪੱਖ ਤੋਂ ਲਿਆ ਹੈ। ਐਸਆਈ ਦੀ ਪਿਸੌਤਲ ਜਾਮ ਹੋਣ ਤੋਂ ਬਾਅਦ ਉਨਾਂ ਨੇ ਆਪਣੇ ਸਹਿਯੋਗੀਆਂ ਦਾ ਮਨੋਬਲ ਵਧਾਉਣ ਲਈ ਮੂੰਹ ਤੋਂ ਠਾਹ-ਠਾਹ ਬੋਲਿਆ। ਦਸ ਦਈਏ ਕਿ 13 ਅਕਤੂਬਰ ਨੂੰ ਅਸਮੌਲੀ ਥਾਣਾ ਖੇਤਰ ਦੀ ਪੁਲਿਸ ਰਾਤ ਲਗਭਗ 11.30 ਵਜੇ ਵਾਹਨਾਂ ਦੀ ਜਾਂਚ ਕਰ ਰਹੀ ਸੀ।

ਇਸੇ ਦੌਰਾਨ ਦੋ ਲੋਕ ਬਾਈਕ ਤੇ ਸਵਾਰ ਹੋ ਕੇ ਆਏ। ਪੁਲਿਸ ਮੁਤਾਬਕ ਰੋਕਣ ਤੇ ਉਹ ਦੋਨੋਂ ਬੈਰੀਅਰ ਤੋੜ ਕੇ ਭੱਜਣ ਲਗੇ। ਪੁਲਿਸ ਨੇ ਪਿੱਛਾ ਕੀਤਾ ਤਾਂ ਦੋਨੋਂ ਗੰਨੇ ਦੇ ਖੇਤਾਂ ਵਿਚ ਲੁਕ ਗਏ। ਇਸ ਦੌਰਾਨ ਮੌਕੇ ਤੇ ਫੋਰਸ ਬੁਲਾ ਕੇ ਘੇਰਾਬੰਦੀ ਸ਼ੁਰੂ ਕਰ ਦਿਤੀ ਗਈ। ਖੇਤ ਦੇ ਇਕ ਪਾਸੇ ਥਾਣੇਦਾਰ ਮਨੋਜ ਕੁਮਾਰ ਅਤੇ ਸਿਪਾਹੀ ਬਲਰਾਮ ਨੇ ਮੋਰਚਾ ਸੰਭਾਲਿਆ। ਪੁਲਿਸ ਮੁਤਾਬਕ ਸਾਹਮਣੇ ਤੋਂ ਗੋਲੀ ਚਲਣ ਤੇ ਮਨੋਜ ਕੁਮਾਰ ਨੇ ਆਪਣਾ ਪਿਸਤੌਲ ਕੱਢਿਆ ਤਾਂ ਉਹ ਚਲਿਆ ਨਹੀਂ। ਇਸ ਤੋਂ ਬਾਅਦ ਥਾਣੇਦਾਰ ਅਤੇ ਸਿਪਾਹੀ ਨੇ ਠਾਹ-ਠਾਹ ਬੋਲਦੇ ਹੋਏ ਅੱਗੇ ਵੱਧਣਾ ਸ਼ੁਰੂ ਕੀਤਾ।

ਵੀਡੀਓ ਵਿਚ ਐਸਆਈ ਮਨੋਜ ਕੁਮਾਰ ਮਾਰੋ-ਮਾਰੋ, ਘੇਰੋ-ਘੇਰੋ, ਠਾਹ-ਠਾਹ ਕਹਿੰਦੇ ਹੋਏ ਸੁਣਾਈ ਦਿੰਦੇ ਹਨ। ਇਥੇ ਹੀ ਐਸਆਈ ਮਨੋਜ ਕੁਮਾਰ ਨੇ ਕਿਹਾ ਕਿ ਉਹ 28 ਸਾਲ ਤੋਂ ਪੁਲਿਸ ਵਿਭਾਗ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਉਸ ਦਿਨ ਜੋ ਕੀਤਾ ਉਸ ਲਈ ਉਨ੍ਹਾਂ ਨੂੰ ਕੋਈ ਸ਼ਰਮਿੰਦਗੀ ਨਹੀਂ ਹੈ। ਉਨ੍ਹਾਂ ਕਿਹਾ ਮੇਰੀ ਪਿਸਤੌਲ ਜਾਮ ਹੋ ਗਈ ਸੀ। ਮੈਂ ਭੱਜ ਕੇ ਗੰਨੇ ਦੇ ਖੇਤ ਵਿਚ ਲੁਕੇ ਹੋਏ ਬਦਮਾਸ਼ਾਂ ਤੇ ਦਬਾਅ ਪਾਉਣ ਲਈ ਅਜਿਹਾ ਕੀਤਾ। ਮੈਂ ਬਦਮਾਸਾਂ ਨੂੰ ਇਹ ਅਹਿਸਾਸ ਦਿਲਾਉਣਾ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਗਿਆ ਹੈ।