Corona Update: 8 ਲੱਖ ਤੋਂ ਘੱਟ ਹੋਏ ਐਕਟਿਵ ਕੇਸ , 24 ਘੰਟਿਆਂ 'ਚ ਆਏ 62 ਹਜ਼ਾਰ ਨਵੇਂ ਮਰੀਜ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਦੇਸ਼ ਵਿਚ ਸੰਕਰਮਿਤ ਮਾਮਲਿਆਂ ਦੀ ਕੁੱਲ ਗਿਣਤੀ 74 ਲੱਖ 32 ਹਜ਼ਾਰ ਨੂੰ ਪਾਰ ਕਰ ਗਈ ਹੈ

Corona Virus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਡੇਢ ਮਹੀਨਿਆਂ ਵਿੱਚ ਪਹਿਲੀ ਵਾਰ ਘੱਟ ਕੇ 8 ਲੱਖ ਤੋਂ ਥੱਲੇ ਆਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 62,212 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 70,816 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਹਾਲਾਂਕਿ 837 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਹਰ ਰੋਜ਼ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਭਾਰਤ ਵਿਚ ਆ ਰਹੇ ਸਨ, ਪਰ ਹੁਣ ਭਾਰਤ ਵਿਚ ਅਮਰੀਕਾ ਤੋਂ ਘੱਟ ਕੇਸ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿਚ 71,687 ਕੇਸ ਹੋਏ ਅਤੇ 928 ਮੌਤਾਂ ਹੋਈਆਂ। 

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਦੇਸ਼ ਵਿਚ ਸੰਕਰਮਿਤ ਮਾਮਲਿਆਂ ਦੀ ਕੁੱਲ ਗਿਣਤੀ 74 ਲੱਖ 32 ਹਜ਼ਾਰ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿਚੋਂ ਇਕ ਲੱਖ 13 ਹਜ਼ਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਰਿਕਵਰੀ ਕੇਸਾਂ ਦੀ ਗਿਣਤੀ 65 ਲੱਖ 24 ਹਜ਼ਾਰ ਤੱਕ ਪਹੁੰਚ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 7 ਲੱਖ 95 ਹਜ਼ਾਰ ਹੋ ਗਈ ਹੈ।

ਸੰਕਰਮਿਤ ਹੋਏ ਲੋਕਾਂ ਦੀ ਗਿਣਤੀ ਦੀ ਤੁਲਨਾ ਵਿਚ ਰਿਕਵਰ ਹੋਏ ਲੋਕਾਂ ਦੀ ਗਿਣਚੀ ਅੱਠ ਗੁਣਾ ਜ਼ਿਆਦਾ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਕੋਰੋਨਾ ਵਾਇਰਸ, ਮੌਤ ਦਰ ਅਤੇ ਰਿਕਵਰੀ ਰੇਟ ਦਾ ਪ੍ਰਤਤੀਸ਼ਤ ਸਭ ਤੋਂ ਜ਼ਿਆਦਾ ਹੈ। ਆਈਸੀਐਮਆਰ ਅਨੁਸਾਰ 16 ਅਕਤੂਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 9 ਕਰੋੜ 32 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਜਿਸ ਵਿੱਚੋਂ ਕੱਲ੍ਹ 10 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਕਾਰਾਤਮਕਤਾ ਦਰ ਸੱਤ ਪ੍ਰਤੀਸ਼ਤ ਦੇ ਆਸ ਪਾਸ ਹੈ। 

ਦੇਸ਼ ਵਿਚ ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ ਵਿਚ ਹਨ। ਮਹਾਰਾਸ਼ਟਰ ਤੋਂ ਬਾਅਦ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਹਨ। ਐਕਟਿਵ ਕੇਸ ਮਾਮਲੇ ਵਿਚ ਦੁਨੀਆਂ ਵਿਚ ਭਾਰਤ ਦਾ ਦੂਜਾ ਸਥਾਨ ਹੈ। ਕੋਰੋਨਾ ਸੰਕਰਮਿਤਾਂ ਦੇ ਹਿਸਾਬ ਨਾਲ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।  ਮੌਤਾਂ ਦੇ ਮਾਮਲੇ ਵਿਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਦਾ ਨੰਬਰ ਹੈ। 

ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ 1.51% ਤੱਕ ਡਿੱਗ ਗਈ ਹੈ ਤੇ ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਸਰਗਰਮ ਮਾਮਲਿਆਂ ਦੀ ਦਰ ਵੀ 11% ਤੱਕ ਆ ਗਈ ਹੈ।  ਇਸ ਦੇ ਨਾਲ ਹੀ ਰਿਕਵਰੀ ਰੇਟ 88 ਫੀਸਦੀ ਹੈ। ਦੱਸ ਦੀਏ ਕਿ ਭਾਰਤ ਵਿਚ ਰਿਕਵਰੀ ਰੇਟ ਲਗਾਤਾਰ ਵਧ ਰਿਹਾ ਹੈ।