NCP ਮੁਖੀ ਸ਼ਰਦ ਪਵਾਰ ਦੀ ਕੇਂਦਰ ਨੂੰ ਨਸੀਹਤ- ‘ਪੰਜਾਬ ਦੇ ਕਿਸਾਨਾਂ ਨੂੰ ਨਾਰਾਜ਼ ਨਾ ਕਰੇ ਮੋਦੀ ਸਰਕਾਰ’
ਉਨ੍ਹਾਂ ਕਿਹਾ ਕਿ ਮੁਲਕ ਪਹਿਲਾਂ ਪੰਜਾਬ ਨੂੰ ਨਾਰਾਜ਼ ਕਰਨ ਦਾ ਮੁੱਲ ਤਾਰ ਚੁੱਕਾ ਹੈ।
ਨਵੀਂ ਦਿੱਲੀ: ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ (Farmers Protest) ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅਜੇ ਤੱਕ ਦਿੱਲੀ ਦੇ ਬਾਰਡਰਾਂ ’ਤੇ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਡਟੇ ਹੋਏ ਹਨ। ਇਸ ਵਿਚਾਲੇ ਐਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਵੱਲੋਂ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ।
ਉਨ੍ਹਾਂ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ (Central Government) ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਨਾਲ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਚਾਹੀਦਾ ਹੈ, ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾਤਰ ਅੰਦੋਲਨਕਾਰੀ ਪੰਜਾਬ ਤੋਂ ਹਨ ਜੋ ਕਿ ਇਕ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਮੁਲਕ ਪਹਿਲਾਂ ਪੰਜਾਬ (Punjab) ਨੂੰ ਨਾਰਾਜ਼ ਕਰਨ ਦਾ ਮੁੱਲ ਤਾਰ ਚੁੱਕਾ ਹੈ।
ਪਵਾਰ ਕੇਂਦਰ ਵਿਚ ਰੱਖਿਆ ਤੇ ਖੇਤੀ ਮੰਤਰੀ ਰਹਿ ਚੁੱਕੇ ਹਨ। ਪਵਾਰ ਨੇ ਕਿਹਾ ਕਿ ਉਹ ਦੋ-ਤਿੰਨ ਵਾਰ ਧਰਨੇ ਵਾਲੀ ਥਾਂ ਜਾ ਚੁੱਕੇ ਹਨ ਤੇ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਲੈ ਕੇ ਰਵੱਈਆ ਠੀਕ ਨਹੀਂ ਲੱਗਦਾ। ਪਵਾਰ ਨੇ ਕਿਹਾ, “ਮੇਰੀ ਸਲਾਹ ਹੈ ਕਿ ਕੇਂਦਰ ਸਰਹੱਦੀ ਖਿੱਤੇ ਦੇ ਕਿਸਾਨਾਂ ਨੂੰ ਨਾਰਾਜ਼ ਨਾ ਕਰੇ, ਇਸ ਦੇ ਹੋਰ ਸਿੱਟੇ ਭੁਗਤਣੇ ਪੈ ਸਕਦੇ ਹਨ। ਪਵਾਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਚਾਹੇ ਉਹ ਹਿੰਦੂ ਹਨ ਜਾਂ ਸਿੱਖ, ਉਨ੍ਹਾਂ ਨੇ ਭੋਜਨ ਸਪਲਾਈ ਵਿਚ ਵੱਡਾ ਯੋਗਦਾਨ ਦਿੱਤਾ ਹੈ।”